ਨਵੀਂ ਦਿੱਲੀ, 22 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਤਾਵਰਨ ਵਿੱਚ ਆ ਰਹੇ ਬਦਲਾਵਾਂ ਦੇ ਟਾਕਰੇ ਲਈ ‘ਤੇਜ਼ ਰਫ਼ਤਾਰ’ ਨਾਲ ਨਿੱਗਰ ਕਾਰਵਾਈ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਤਬਦੀਲੀ ਨਾਲ ਸਿੱਝਣ ਲਈ ਵੱਡੇ ਪੱਧਰ ’ਤੇ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਭਾਰਤ ਇਸ ਚੁਣੌਤੀ ਨਾਲ ਨਜਿੱਠਣ ਲਈ ਆਪਣੇ ਹਿੱਸੇ ਦੀ ਭੂਮਿਕਾ ਨਿਭਾ ਰਿਹਾ ਹੈ। ਸ੍ਰੀ ਮੋਦੀ ਅਮਰੀਕਾ ਦੀ ਮੇਜ਼ਬਾਨੀ ਵਿੱਚ 40 ਆਲਮੀ ਆਗੂਆਂ ਦੀ ਸ਼ਮੁੂਲੀਅਤ ਵਾਲੀ ਵਰਚੁਅਲ ਸਿਖਰ ਵਾਰਤਾ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਅਮਰੀਕੀ ਸਦਰ ਜੋਅ ਬਾਇਡਨ ਨੇ ਆਪਣੀ ਤਕਰੀਰ ਨਾਲ ਸਿਖਰ ਵਾਰਤਾ ਦਾ ਆਗਾਜ਼ ਕੀਤਾ।
ਸ੍ਰੀ ਮੋਦੀ ਨੇ ਕਿਹਾ ਕਿ ਟਿਕਾਊ ਜੀਵਨ ਸ਼ੈਲੀ ਤੇ ‘ਮੂਲ ਸਿਧਾਂਤਾਂ ਵਲ ਮੁੜਨ’ ਦਾ ਸੇਧਤ ਫ਼ਲਸਫ਼ਾ ਕੋਵਿਡ ਤੋਂ ਬਾਅਦ ਵਾਲੇ ਯੁੱਗ ਵਿੱਚ ਆਰਥਿਕ ਰਣਨੀਤੀ ਦੇ ਅਹਿਮ ਥੰਮ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਤੇ ਰਾਸ਼ਟਰਪਤੀ ਬਾਇਡਨ ‘ਭਾਰਤ-ਯੂਐੱਸ ਵਾਤਾਵਰਨ ਤੇ ਸਵੱਛ ਊਰਜਾ ਏਜੰਡਾ 2030 ਭਾਈਵਾਲੀ’ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ, ‘ਅਸੀਂ ਮਿਲ ਕੇ ਨਿਵੇਸ਼ ਨੂੰ ਸੰਚਾਲਿਤ ਕਰਨ ਵਿੱਚ ਮਦਦ ਦੇ ਨਾਲ ਸਵੱਛ ਤਕਨੀਕਾਂ ਦਾ ਮੁਜ਼ਾਹਰਾ ਕਰਾਂਗੇ ਤੇ ਹਰਿਆਲੀ ਵਧਾਉਣ ’ਚ ਇਕ ਦੂਜੇ ਦਾ ਹੱਥ ਵਟਾਵਾਂਗੇ।’ ਉਨ੍ਹਾਂ ਕਿਹਾ ਕਿ ਵਿਕਾਸ ਚੁਣੌਤੀਆਂ ਦੇ ਬਾਵਜੂਦ ਭਾਰਤ ਨੇ ਸਵੱਛ ਊਰਜਾ, ਊਰਜਾ ਸਮਰੱਥਾ, ਵੱਧ ਤੋਂ ਵੱਧ ਰੁਖ਼ ਲਾਉਣ ਤੇ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਲਈ ‘ਕਈ ਬੇਬਾਕ ਕਦਮ’ ਚੁੱਕੇ ਹਨ। -ਪੀਟੀਆਈ