ਰਤਨ ਸਿੰਘ ਢਿੱਲੋਂ
ਅੰਬਾਲਾ, 10 ਸਤੰਬਰ
ਅੰਬਾਲਾ ਵਿੱਚ ਏਅਰ ਫੋਰਸ ਬੇਸ ’ਤੇ ਇਕ ਸ਼ਾਨਦਾਰ ਸਮਾਗਮ ਦੌਰਾਨ ਫਰਾਂਸ ਦੇ ਬਣੇ ਪੰਜ ਰਾਫ਼ਾਲ ਲੜਾਕੂ ਜਹਾਜ਼ਾਂ ਨੂੰ ਅੱਜ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕਰ ਲਿਆ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮੌਕੇ ਦਾ ਲਾਹਾ ਲੈਂਦਿਆਂ ਚੀਨ ਨੂੰ ਦਿੱਤੇ ਸਖ਼ਤ ਸੁਨੇਹੇ ’ਚ ਸਾਫ਼ ਕਰ ਦਿੱਤਾ ਕਿ ਸਰਹੱਦਾਂ ’ਤੇ ਬਣਾਏ ਮਾਹੌਲ ਨੂੰ ਵੇਖਦਿਆਂ ਲੜਾਕੂ ਜਹਾਜ਼ਾਂ ਦੀ ਸ਼ਮੂਲੀਅਤ ਕਾਫ਼ੀ ਅਹਿਮ ਸੀ। ਰਾਜਨਾਥ ਨੇ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ’ਤੇ ਅੱਖ ਰੱਖਣ ਵਾਲਿਆਂ ਲਈ ਇਹ ‘ਵੱਡਾ ਤੇ ਸਖ਼ਤ’ ਸੁਨੇਹਾ ਹੈ। ਦੋ ਘੰਟੇ ਦੀ ਇਸ ਪੂਰੀ ਰਸਮ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਫਰਾਂਸ ਦੇ ਉਨ੍ਹਾਂ ਦੇ ਹਮਰੁਤਬਾ ਫਲੋਰੈਂਸ ਪਾਰਲੀ, ਚੀਫ਼ ਆਫ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਹਵਾਈ ਸੈਨਾ ਦੇ ਮੁਖੀ ਆਰ.ਕੇ.ਐੱਸ.ਭਦੌਰੀਆ ਤੇ ਰਾਫ਼ਾਲ ਕਰਾਰ ’ਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਫਰਾਂਸ ਦੀਆਂ ਰੱਖਿਆ ਫਰਮਾਂ ਦੇ ਸਿਖਰਲੇ ਕਾਰਜਕਾਰੀ ਅਧਿਕਾਰੀ ਮੌਜੂਦ ਸਨ। ਇਸ ਮੌਕੇ ਰਵਾਇਤੀ ‘ਸਰਵ ਧਰਮ ਪੂਜਾ’ ਤੇ ਰਾਫ਼ਾਲ ਲੜਾਕੂ ਜਹਾਜ਼ਾਂ ਨੂੰ ‘ਜਲ ਤੋਪਾਂ ਦੀ ਸਲਾਮੀ’ ਦਿੱਤੀ ਗਈ। ਭਾਰਤੀ ਹਵਾਈ ਫੌਜ ਦੀ 17ਵੀਂ ਸਕੁਐਡਰਨ ‘ਗੋਲਡਨ ਐਰੋਜ਼’ ਵਿੱਚ ਸ਼ਾਮਲ ਕਰਨ ਮੌਕੇ ਰਾਫ਼ਾਲ ਲੜਾਕੂ ਜਹਾਜ਼ਾਂ, ਐੱਸਯੂ-30, ਜੈਗੁਆਰ ਨੇ ਆਸਮਾਨ ਵਿੱਚ ਹੈਰਾਨੀਜਨਕ ਪੈਂਤੜੇ ਵੀ ਵਿਖਾਏ, ਜਿਨ੍ਹਾਂ ਨੂੰ ਉਥੇ ਮੌਜੂਦ ਦਰਸ਼ਕਾਂ ਨੇ ਸਾਹ ਰੋਕ ਕੇ ਵੇਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 17 ਸਕੁਐਡਰਨ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਨੂੰ ਇੰਡਕਸ਼ਨ ਸਕਰੋਲ ਵੀ ਭੇਟ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮੌਕੇ ਕਿਹਾ, ‘ਰਾਫ਼ਾਲ ਜਹਾਜ਼ਾਂ ਦੀ ਭਾਰਤੀ ਹਵਾਈ ਸੈਨਾ ’ਚ ਸ਼ਮੂਲੀਅਤ ਕੁੱਲ ਆਲਮ, ਖਾਸ ਕਰਕੇ ਸਾਡੀ ਪ੍ਰਭੂਸੱਤਾ ’ਤੇ ਅੱਖ ਰੱਖਣ ਵਾਲਿਆਂ ਲਈ ਵੱਡਾ ਤੇ ਸਖ਼ਤ ਸੁਨੇਹਾ ਹੈ। ਸਾਡੀਆਂ ਸਰਹੱਦਾਂ ’ਤੇ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ, ਊਸ ਲਈ ਅਜਿਹੀ (ਲੜਾਕੂ ਜਹਾਜ਼ਾਂ ਦੀ) ਸ਼ਮੂਲੀਅਤ ਕਾਫ਼ੀ ਅਹਿਮ ਹੈ। ਅਸੀਂ ਇਹ ਗੱਲ ਭਲੀਭਾਂਤ ਸਮਝਦੇ ਹਾਂ ਕਿ ਸਮਾਂ ਬਦਲਣ ਦੇ ਨਾਲ, ਸਾਨੂੰ ਖ਼ੁਦ ਨੂੰ ਵੀ ਤਿਆਰ ਰੱਖਣਾ ਹੋਵੇਗਾ। ਮੈਨੂੰ ਇਹ ਕਹਿੰਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਸਾਡੀ ਕੌਮੀ ਸੁਰੱਖਿਆ ਵੱਡੀ ਤਰਜੀਹ ਰਹੀ ਹੈ।’ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਭਦੌਰੀਆ ਨੇ ਕਿਹਾ ਕਿ ਮੌਜੂਦਾ ਸੁਰੱਖਿਆ ਹਾਲਾਤ ਨੂੰ ਵੇਖਦਿਆਂ ਰਾਫ਼ਾਲ ਜੰਗੀ ਜਹਾਜ਼ਾਂ ਨੂੰ ਹਵਾਈ ਸੈਨਾ ਦੀ ਫਲੀਟ ’ਚ ਸ਼ਾਮਲ ਕਰਨ ਲਈ ਹੋਰ ਕੋਈ ਵਧੀਆ ਮੌਕਾ ਨਹੀਂ ਹੋ ਸਕਦਾ। ਇਸ ਦੌਰਾਨ ਭਾਰਤੀ ਹਵਾਈ ਸੈਨਾ ਨੇ ਇਕ ਟਵੀਟ ’ਚ ਕਿਹਾ ਕਿ ਉਹ ਆਪਣੇ ਅਸਲਾਖਾਨੇ ’ਚ ‘ਨਵੇਂ ਪੰਖੇਰੂ’ ਦਾ ਸਵਾਗਤ ਕਰਦੇ ਹਨ। ਉਪਰੰਤ ਦੋਵਾਂ ਮੁਲਕਾਂ ਦੇ ਰੱਖਿਆ ਮੰਤਰੀਆਂ ਦੀ ਉੱਚ ਅਧਿਕਾਰੀਆਂ ਦੀ ਹਾਜ਼ਰੀ ’ਚ ਮੀਟਿੰਗ ਵੀ ਹੋਈ। ਮੀਟਿੰਗ ਪਿੱਛੋਂ ਦੋਹਾਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਅਤੇ ਮੀਟਿੰਗ ਵਿਚ ਲਏ ਗਏ ਫੈਸਲਿਆਂ ਬਾਰੇ ਦੱਸਿਆ।
ਚੇਤੇ ਰਹੇ ਕਿ ਭਾਰਤ ਨੇ ਫਰਾਂਸ ਤੋਂ 36 ਰਾਫ਼ਾਲ ਖਰੀਦਣ ਲਈ ਲਗਪਗ ਚਾਰ ਸਾਲ ਪਹਿਲਾਂ 59000 ਕਰੋੜ ਰੁਪਏ ’ਚ ਸੌਦਾ ਕੀਤਾ ਸੀ। ਪੰਜ ਰਾਫ਼ਾਲ ਜੰਗੀ ਜਹਾਜ਼ਾਂ ਦੀ ਪਹਿਲੇ ਖੇਪ 29 ਜੁਲਾਈ ਨੂੰ ਭਾਰਤ ਪੁੱਜ ਗਈ ਸੀ ਜਦੋਂਕਿ ਚਾਰ ਜਾਂ ਪੰਜ ਰਾਫ਼ਾਲ ਨਵੰਬਰ ਮਹੀਨੇ ’ਚ ਆਉਣ ਦੀ ਸੰਭਾਵਨਾ ਹੈ। ਫਰਾਂਸ ਹੁਣ ਤਕ ਦਸ ਰਾਫ਼ਾਲ ਭਾਰਤ ਦੇ ਸਪੁਰਦ ਕਰ ਚੁੱਕਾ ਹੈ। ਇਨ੍ਹਾਂ ਵਿੱਚੋਂ ਪੰਜ ਭਾਰਤ ਵਿੱਚ ਹਨ ਜਦੋਂਕਿ ਬਾਕੀ ਪੰਜ ਰਾਫ਼ਾਲ ਸਿਖਲਾਈ ਦੇ ਮੰਤਵ ਲਈ ਅਜੇ ਫਰਾਂਸ ਵਿੱਚ ਹੀ ਹਨ। 36 ਰਾਫ਼ਾਲ ਜਹਾਜ਼ਾਂ ’ਚੋਂ 30 ਲੜਾਕੂ ਤੇ ਛੇ ਸਿਖਲਾਈ ਲਈ ਹੋਣਗੇ। ਰਾਫ਼ਾਲ ਜਹਾਜ਼ਾਂ ਦੀ ਪਹਿਲੀ ਸਕੁਐਡਰਨ ਅੰਬਾਲਾ ਏਅਰ ਬੇਸ ’ਤੇ ਅਧਾਰਿਤ ਹੋਵੇਗੀ ਜਦੋਂਕਿ ਦੂਜੀ ਨੂੰ ਪੱੱਛਮੀ ਬੰਗਾਲ ’ਚ ਹਾਸੀਮਾਰਾ ਬੇਸ ’ਤੇ ਰੱਖਿਆ ਜਾਵੇਗਾ। ਭਾਰਤੀ ਹਵਾਈ ਸੈਨਾ ਦੀ 17ਵੀਂ ਸਕੁਐਡਰਨ ਨੂੰ ਪਿਛਲੇ ਸਾਲ 10 ਸਤੰਬਰ ਨੂੰ ਮੁੜ ਸੁਰਜੀਤ ਕੀਤਾ ਗਿਆ ਸੀ।
ਰਾਫ਼ਾਲ ਭਾਰਤ-ਫਰਾਂਸ ਰਿਸ਼ਤਿਆਂ ਲਈ ਨਵਾਂ ਅਧਿਆਏ: ਪਾਰਲੀ
ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਕਿਹਾ ਕਿ ਰਾਫ਼ਾਲ ਦੀ ਭਾਰਤੀ ਹਵਾਈ ਸੈਨਾ ’ਚ ਸ਼ਮੂਲੀਅਤ ਭਾਰਤ-ਫਰਾਂਸ ਦੁਵੱਲੇ ਰੱਖਿਆ ਸਮਝੌਤਿਆਂ ਲਈ ਨਵਾਂ ਅਧਿਆਏ ਹੈ। ਉਨ੍ਹਾਂ ਕਿਹਾ ਕਿ ਫਰਾਂਸ, ਭਾਰਤ ਦੀ ਰੱਖਿਆ ਸਨਅਤ ਨੂੰ ਮੁਲਕ ਦੀ ਆਲਮੀ ਮਿਲਟਰੀ ਸਪਲਾਈ ਚੇਨ ਨਾਲ ਇਕਮਿਕ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਖ਼ਿਲਾਫ਼ ਲੜਨ ਤੇ ਯੂਐੱਨ ਸੁਰੱਖਿਆ ਕੌਂਸਲ ’ਚ ਵਾਧੇ ਨੂੰ ਲੈ ਕੇ ਭਾਰਤ ਤੇ ਫਰਾਂਸ ਦੋਵਾਂ ਦੇ ਇਕੋ ਜਿਹੇ ਵਿਚਾਰ ਹਨ। ਦੋਵੇਂ ਮੁਲਕ ਲੰਮੇ ਸਮੇਂ ਤੋਂ ਆਰਥਿਕ, ਸਭਿਆਚਾਰਕ ਤੇ ਰਣਨੀਤਕ ਭਾਈਵਾਲ ਹਨ ਅਤੇ ਮਜ਼ਬੂਤ ਜਮਹੂਰੀਅਤ ’ਚ ਯਕੀਨ ਰੱਖਦੇ ਹਨ।