ਨਵੀਂ ਦਿੱਲੀ, 12 ਅਪਰੈਲ
ਸਰਕਾਰ ਨੇ ਵਿਦਿਆਰਥੀਆਂ ਨੂੰ ਹੁਣ ਇੱਕ ਹੀ ਯੂਨੀਵਰਸਿਟੀ ਤੋਂ ਜਾਂ ਵੱਖ ਵੱਖ ਸੰਸਥਾਵਾਂ ਤੋਂ ਬਰਾਬਰ ਪੱਧਰ ਦੇ ਦੋ ਪੂਰਨ ਕਾਲੀ (ਫੁੱਲ ਟਾਈਮ) ਡਿਗਰੀ ਪ੍ਰੋਗਰਾਮਾਂ ’ਚ ਇਕੱਠਿਆਂ ਰੈਗੂਲਰ ਢੰਗ (ਫਿਜ਼ੀਕਲ ਮੋਡ) ਨਾਲ ਪੜ੍ਹਾਈ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਪ੍ਰਧਾਨ ਐੱਮ ਜਗਦੀਸ਼ ਕੁਮਾਰ ਨੇ ਅੱਜ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਪਹਿਲੀ ਵਾਰ ਇਸ ਤਰ੍ਹਾਂ ਦਾ ਫ਼ੈਸਲਾ ਕੀਤਾ ਹੈ। ਕਮਿਸ਼ਨ ਜਲਦੀ ਹੀ ਇਸ ਸਬੰਧੀ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕਰੇਗਾ ਤੇ ਵਿੱਦਿਅਕ ਸੈਸ਼ਨ 2022-23 ਤੋਂ ਵਿਦਿਆਰਥੀਆਂ ਨੂੰ ਇਹ ਚੋਣ ਮੁਹੱਈਆ ਹੋਵੇਗੀ। ਸ੍ਰੀ ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਵੀਂ ਕੌਮੀ ਸਿੱਖਿਆ ਨੀਤੀ ’ਚ ਕੀਤੇ ਗਏ ਐਲਾਨ ਅਨੁਸਾਰ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਹੁਨਰ ਦੀ ਸਿਖਲਾਈ ਦੇਣ ਲਈ ਯੂਜੀਸੀ ਨਵੇਂ ਦਿਸ਼ਾ ਨਿਰਦੇਸ਼ ਲਿਆ ਰਿਹਾ ਹੈ ਜਿਸ ਨਾਲ ਕਿਸੇ ਵੀ ਵਿਦਿਆਰਥੀ ਨੂੰ ਇੱਕੋ ਸਮੇਂ ਦੋ ਡਿਗਰੀ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਡਿਗਰੀ ਪ੍ਰੋਗਰਾਮ ਇੱਕ ਯੂਨੀਵਰਸਿਟੀ ਜਾਂ ਦੋ ਵੱਖ ਵੱਖ ਯੂਨੀਵਰਸਿਟੀਆਂ ਤੋਂ ਕੀਤੇ ਜਾ ਸਕਣਗੇ। ਦੂਜੇ ਪਾਸੇ ਸਿੱਖਿਆ ਸ਼ਾਸਤਰੀਆਂ ਨੇ ਯੂਜੀਸੀ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੋਵੇਗੀ ਤੇ ਸਿੱਖਿਆ ਦਾ ਮਿਆਰ ਵੀ ਹੇਠਾਂ ਜਾਵੇਗਾ। -ਪੀਟੀਆਈ