ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਆਗੂ ਸੁਬਰਾਮਨੀਅਨ ਸਵਾਮੀ ਵੱਲੋਂ ਅੱਜ ਇੱਥੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਗਈ। ਤ੍ਰਿਣਮੂਲ ਕਾਂਗਰਸ ਦੀ ਮੁਖੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਵਾਮੀ ਨੇ ਕਿਹਾ ਕਿ ਉਨ੍ਹਾਂ ਵਿਚਾਲੇ ਪੱਛਮੀ ਬੰਗਾਲ ਦੇ ਸਿਆਸੀ ਦ੍ਰਿਸ਼ ਬਾਰੇ ਚਰਚਾ ਹੋਈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਣਗੇ ਤਾਂ ਭਾਜਪਾ ਆਗੂ ਨੇ ਕਿਹਾ, ‘‘ਮੈਂ ਪਹਿਲਾਂ ਹੀ ਮਮਤਾ ਦੇ ਨਾਲ ਹਾਂ। ਮੈਨੂੰ ਟੀਐੱਮਸੀ ’ਚ ਸ਼ਾਮਲ ਹੋਣ ਦੀ ਲੋੜ ਨਹੀਂ ਹੈ।’’ਸਵਾਮੀ ਨੇ ਬਾਅਦ ਵਿਚ ਟਵੀਟ ਕੀਤਾ, ‘‘ਹੁਣ ਤੱਕ ਜਿੰਨੇ ਸਿਆਸਤਦਾਨਾਂ ਨੂੰ ਮੈਂ ਮਿਲਿਆ ਜਾਂ ਜਿਨ੍ਹਾਂ ਨਾਲ ਕੰਮ ਕੀਤਾ, ਉਨ੍ਹਾਂ ਵਿੱਚੋਂ ਮਮਤਾ ਬੈਨਰਜੀ ਦਾ ਦਰਜਾ ਜੈਪ੍ਰਕਾਸ਼ ਨਾਰਾਇਣ, ਮੋਰਾਰਜੀ ਦੇਸਾਈ, ਰਾਜੀਵ ਗਾਂਧੀ, ਚੰਦਰਸ਼ੇਖਰ ਅਤੇ ਪੀ.ਵੀ. ਨਰਸਿਮਹਾ ਰਾਓ ਦੇ ਬਰਾਬਰ ਦਾ ਹੈ। ਇਨ੍ਹਾਂ ਆਗੂਆਂ ਦੀ ਕਹਿਣੀ ਤੇ ਕਰਨੀ ਇਕ ਸੀ। ਭਾਰਤੀ ਸਿਆਸਤਦਾਨਾਂ ’ਚ ਇਹ ਖ਼ਾਸੀਅਤ ਕਾਫੀ ਘੱਟ ਹੁੰਦੀ ਹੈ।’’ -ਪੀਟੀਆਈ