ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਦੱਸਿਆ ਕਿ ਸੰਸਦ ਦੀਆਂ ਕੰਟੀਨਾਂ ਵਿਚ ਭੋਜਨ ’ਤੇ ਦਿੱਤੀ ਜਾ ਰਹੀ ਸਬਸਿਡੀ ਖ਼ਤਮ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਹੁਣ ਸੰਸਦ ਮੈਂਬਰਾਂ ਤੇ ਹੋਰਾਂ ਨੂੰ ਕੰਟੀਨਾਂ ਵਿਚ ਭੋਜਨ ਪਹਿਲਾਂ ਨਾਲੋਂ ਮਹਿੰਗਾ ਮਿਲੇਗਾ। ਸੂਤਰਾਂ ਦਾ ਕਹਿਣਾ ਹੈ ਕਿ ਸਬਸਿਡੀ ਬੰਦ ਹੋਣ ਨਾਲ ਲੋਕ ਸਭਾ ਸਕੱਤਰੇਤ ਨੂੰ ਸਾਲਾਨਾ 8 ਕਰੋੜ ਰੁਪਏ ਦੀ ਬੱਚਤ ਹੋਵੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਬਿਰਲਾ ਨੇ ਕਿਹਾ ਕਿ ਸੰਸਦੀ ਕੰਟੀਨਾਂ ਹੁਣ ਉੱਤਰੀ ਰੇਲਵੇ ਦੀ ਥਾਂ ਆਈਟੀਡੀਸੀ ਵਲੋਂ ਚਲਾਈਆਂ ਜਾਣਗੀਆਂ। ਦੱਸਣਯੋਗ ਹੈ ਕਿ ਸੰਸਦੀ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਬਿਰਲਾ ਨੇ ਕਿਹਾ ਕਿ ਸਾਰੇ ਸੰਸਦ ਮੈਂਬਰਾਂ ਨੂੰ ਬਜਟ ਸੈਸ਼ਨ ਤੋਂ ਪਹਿਲਾਂ ਕੋਵਿਡ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਸੰਸਦ ਮੈਂਬਰਾਂ ਦੀਆਂ ਰਿਹਾਇਸ਼ਾਂ ਲਾਗੇ ਆਰਟੀਪੀਸੀਆਰ ਟੈਸਟ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
-ਪੀਟੀਆਈ