ਭਰਤੇਸ਼ ਸਿੰਘ ਠਾਕੁਰ
ਚੰਡੀਗੜ੍ਹ, 16 ਅਕਤੂਬਰ
ਮੁੱਖ ਅੰਸ਼
- ਮੇਡਨ ਫਾਰਮਾ ਵੱਲੋਂ ਭੇਜੀ ਖੇਪ ’ਚੋਂ 8 ਹਜ਼ਾਰ ਤੋਂ ਵੱਧ ਸ਼ੀਸ਼ੀਆਂ ਬਾਰੇ ਕੋਈ ਥਹੁ-ਪਤਾ ਨਹੀਂ
- ਅਫ਼ਰੀਕੀ ਮੁਲਕ ’ਚ ਮੌਤ ਦੇ ਮੂੰਹ ਪਏ ਬੱਚਿਆਂ ਦੀ ਗਿਣਤੀ ਵਧ ਕੇ 70 ਹੋਈ, ਰਾਸ਼ਟਰਪਤੀ ਐਡਮ ਬੈਰੋ ਵੱਲੋਂ ਜਾਂਚ ਕਮਿਸ਼ਨ ਗਠਿਤ
ਸੋਨੀਪਤ ਅਧਾਰਿਤ ਮੇਡਨ ਫਾਰਮਾਸਿਊਟੀਕਲਜ਼ ਨੇ ਗਾਂਬੀਆ ਨੂੰ ਚਾਰ ਖੰਘ ਸਿਰਪਾਂ ਦੀਆਂ 50,000 ਸ਼ੀਸ਼ੀਆਂ ਬਰਾਮਦ ਕੀਤੀਆਂ ਸਨ। ਇਨ੍ਹਾਂ ਵਿਚੋਂ 41 ਹਜ਼ਾਰ ਵਾਪਸ ਮੰਗਵਾ ਲਈਆਂ ਗਈਆਂ ਹਨ ਜਦੋਂਕਿ 8000 ਤੋਂ ਵੱਧ ਸ਼ੀਸ਼ੀਆਂ ਦਾ ਕੋਈ ਥਹੁ-ਪਤਾ ਨਹੀਂ ਹੈ। ਗਾਂਬੀਆ ਵਿਚ ਚਾਰ ਖੰਘ ਸਿਰਪਾਂ- ਪ੍ਰੋਮੈਥਾਜ਼ਾਈਨ ਓਰਲ ਸੌਲਿਊਸ਼ਨ ਬੀਪੀ, ਕੋਫੈਕਸਮੈਲਿਨ ਬੇਬੀ ਕਫ਼ ਸਿਰਪ, ਮੈਕੌਫ਼ ਬੇਬੀ ਕਫ਼ ਸਿਰਪ ਤੇ ਮਾਗ੍ਰਿਪ ਐੱਨ ਕੋਲਡ ਸਿਰਪ, ਉੱਤੇ ਪਾਬੰਦੀ ਹੈ। ਲੈਬਾਰਟਰੀ ਟੈਸਟ ਦੌਰਾਨ ਇਨ੍ਹਾਂ ਸਿਰਪਾਂ ਵਿੱਚ ਡਾਇਐਥੀਲੀਨ ਗਲਾਇਕੋਲ ਤੇ ਐਥੀਲੀਨ ਗਲਾਇਕੋਲ ਦੀ ਮੌਜੂਦਗੀ ਬਾਰੇ ਪਤਾ ਲੱਗਣ ’ਤੇ ਆਲਮੀ ਸਿਹਤ ਸੰਸਥਾ ਨੇ 5 ਅਕਤੂਬਰ ਨੂੰ ਅਲਰਟ ਜਾਰੀ ਕੀਤਾ ਸੀ। ਇਨ੍ਹਾਂ ਗ਼ੈਰਮਿਆਰੀ ਸਿਰਪਾਂ ਨਾਲ ਗਾਂਬੀਆ ’ਚ 66 ਤੋਂ ਵੱਧ ਬੱਚਿਆਂ ਦੀ ਮੌਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।
ਪ੍ਰੋਮੈਥਾਜ਼ਾਈਨ ਓਰਲ ਸੌਲਿਊਸ਼ਨ ਬੀਪੀ ਤੇ ਮੈਕੌਫ਼ ਬੇਬੀ ਕਫ਼ ਸਿਰਪ ਦੀ ਬਰਾਮਦਗੀ ਸਬੰਧੀ ਪ੍ਰਵਾਨਗੀ 2019 ਜਦੋਂਕਿ ਬਾਕੀ ਦੋ ਸਿਰਪਾਂ ਦੀ ਇਸੇ ਸਾਲ ਫਰਵਰੀ ਵਿੱਚ ਦਿੱਤੀ ਗਈ ਸੀ। ਮੇਡਨ ਫਾਰਮਾਸਿਊਟੀਕਲਜ਼ ਨੂੰ 7 ਅਕਤੂਬਰ ਨੂੰ ਜਾਰੀ ਕਾਰਨ-ਦੱਸੋ ਨੋਟਿਸ ਮੁਤਾਬਕ ਇਨ੍ਹਾਂ ਚਾਰ ਸਿਰਪਾਂ ਦੀਆਂ 50 ਹਜ਼ਾਰ ਸ਼ੀਸ਼ੀਆਂ ਗਾਂਬੀਆ ਭੇਜੀਆਂ ਗਈਆਂ ਸਨ। ਨੋਟਿਸ ਮੁਤਾਬਕ ਸਿਰਪਾਂ ਦੇ ਉਤਪਾਦ ਲੇਬਲ ਤੇ ਬੀਐੱਮਆਰ ਦੀਆਂ ਮੈਨੂਫੈਕਚਰਿੰਗ ਤੇ ਪ੍ਰਵਾਨਗੀ ਤਰੀਕਾਂ ਵਿੱਚ ਵੱਡਾ ਫ਼ਰਕ ਹੈ। ਐਟਲਾਂਟਿਕ ਫਾਰਮਾਸਿਊਟੀਕਲਜ਼ ਕੰਪਨੀ ਲਿਮਟਿਡ ਨੇ ਇਸ ਸਾਲ ਜੂਨ ਵਿੱਚ ਗਾਂਬੀਆ ਨੂੰ ਸਿਰਪਾਂ ਬਰਾਮਦ ਕੀਤੀਆਂ ਸਨ।
ਇਸ ਦੌਰਾਨ ਗਾਂਬੀਅਨ ਅਥਾਰਿਟੀਜ਼ ਨੇ ਕਥਿਤ ਗ਼ੈਰਮਿਆਰੀ ਸਿਰਪਾਂ ਕਰਕੇ ਹੋਈਆਂ ਮੌਤਾਂ ਦੇ ਅੰਕੜੇ ਨੂੰ ਵਧਾ ਕੇ 70 ਕਰ ਦਿੱਤਾ ਹੈ। ਗਾਂਬੀਆ ਦੇ ਰਾਸ਼ਟਰਪਤੀ ਐਡਮ ਬੈਰੋ ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਮੀਟਿੰਗ ਨੇ ਬੱਚਿਆਂ ਦੀ ਮੌਤ ਮਾਮਲੇ ਦੀ ਜਾਂਚ ਲਈ ਕਮਿਸ਼ਨ ਗਠਿਤ ਕਰ ਦਿੱਤਾ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਰਿਲੀਜ਼ ਮੁਤਾਬਕ ਕਮਿਸ਼ਨ ਦੇ ਮੈਂਬਰਾਂ, ਮਿਆਦ ਤੇ ਹੋਰ ਸ਼ਰਤਾਂ ਬਾਰੇ ਨੋਟੀਫਿਕੇਸ਼ਨ ਜਲਦੀ ਜਾਰੀ ਕੀਤਾ ਜਾਵੇਗਾ। ਹਾਲ ਦੀ ਘੜੀ ਡਬਲਿਊਐੱਚਓ ਅਤੇ ਅਮਰੀਕਾ ਤੇ ਅਫ਼ਰੀਕਾ ਦੇ ਡਿਜ਼ੀਜ਼ ਕੰਟਰੋਲ ਬਾਰੇ ਕੇਂਦਰ (ਸੀਡੀਸੀ) ਵੱਲੋਂ ਬੱਚਿਆਂ ਵਿੱਚ ਗੁਰਦੇ ਦੀ ਲਾਗ ਕਰਕੇ ਹੋਣ ਵਾਲੀਆਂ ਮੌਤਾਂ ਦੇ ਮੈਡੀਕਲ ਕਾਰਨਾਂ ਦੀ ਘੋਖ ਕੀਤੀ ਜਾ ਰਹੀ ਹੈ।