ਨਵੀਂ ਦਿੱਲੀ, 31 ਅਕਤੂਬਰ
ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਹਿੰਦੂਤਵ ਅੰਦੋਲਨ 1947 ਦੀ ਮੁਸਲਿਮ ਫਿਰਕਾਪ੍ਰਸਤੀ ਦਾ ਆਈਨਾ ਹੈ ਅਤੇ ਇਸ ਦੀ ਜਿੱਤ ਦਾ ਮਤਲਬ ਭਾਰਤ ਦੇ ਸੰਕਲਪ ਦਾ ਖਾਤਮਾ ਹੋਵੇਗਾ। ਊਨ੍ਹਾਂ ਕਿਹਾ ਕਿ ਹਿੰਦੂਤਵ ਧਾਰਮਿਕ ਨਹੀਂ ਸਗੋਂ ਸਿਆਸੀ ਸਿਧਾਂਤ ਹੈ।
ਊਨ੍ਹਾਂ ਦੀ ਨਵੀਂ ਕਿਤਾਬ ‘ਦਿ ਬੈਟਲ ਆਫ਼ ਬਿਲਾਂਗਿੰਗ’ ਅੱਜ ਰਿਲੀਜ਼ ਹੋਈ ਹੈ। ਥਰੂਰ ਨੇ ਕਿਤਾਬ ’ਚ ਕਿਹਾ ਹੈ,‘‘ਹਿੰਦੂ ਇੰਡੀਆ ਪੂਰੀ ਤਰ੍ਹਾਂ ਨਾਲ ਹਿੰਦੂ ਨਹੀਂ ਹੋਵੇਗਾ ਸਗੋਂ ਇਹ ਸੰਘ ਵਾਲਾ ਹਿੰਦੂਤਵੀ ਮੁਲਕ ਹੋਵੇਗਾ ਜੋ ਬਿਲਕੁਲ ਹੀ ਵੱਖਰਾ ਹੋਵੇਗਾ।’’ ਕਾਂਗਰਸ ਆਗੂ ਨੇ ਕਿਹਾ ਕਿ ਊਨ੍ਹਾਂ ਵਰਗੇ ਭਾਰਤ ਨੂੰ ਪਿਆਰ ਕਰਨ ਵਾਲੇ ਲੋਕ ਇਸ ਦੀ ਰੂਹ ਨੂੰ ਬਹਾਲ ਰਖਣਾ ਚਾਹੁੰਦੇ ਹਨ। ‘ਪਿਆਰੇ ਮੁਲਕ ਨੂੰ ਅਸੀਂ ਧਾਰਮਿਕ ਮੁਲਕ ਨਹੀਂ ਬਣਨ ਦੇਣਾ ਚਾਹੁੰਦੇ ਜਿਸ ਨਾਲ ਨਫ਼ਰਤ ਪੈਦਾ ਹੋਵੇ।’ ਥਰੂਰ ਨੇ ਆਪਣੀ ਕਿਤਾਬ ’ਚ ਹਿੰਦੂਤਵ ਸਿਧਾਂਤ ਅਤੇ ਨਾਗਰਿਕਤਾ (ਸੋਧ) ਐਕਟ ਦੀ ਤਿੱਖੀ ਆਲੋਚਨਾ ਕੀਤੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਲਿਖਿਆ ਹੈ ਕਿ ਊਹ ਹਾਕਮ ਧਿਰ ਵੱਲੋਂ ਪਾਕਿਸਤਾਨ ਵਾਂਗ ਹਿੰਦੂ ਰਾਸ਼ਟਰ ਬਣਾਊਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦੇ ਹਨ ਕਿਊਂਕਿ ਅਸੀਂ ਇਸ ਵਾਸਤੇ ਆਜ਼ਾਦੀ ਦੀ ਲੜਾਈ ਨਹੀਂ ਲੜੀ ਸੀ। ਥਰੂਰ ਨੇ ਧਾਰਾ 370 ਮਨਸੂਖ ਕਰਨ ਦੇ ਢੰਗ ਦੀ ਵੀ ਆਲੋਚਨਾ ਕੀਤੀ ਹੈ। -ਪੀਟੀਆਈ