ਨਵੀਂ ਦਿੱਲੀ, 24 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਆਪਣੇ ਨਾਗਰਿਕਾਂ ਨੂੰ 100 ਕਰੋੜ ਕੋਵਿਡ ਵੈਕਸੀਨ ਲਾਉਣਾ ਭਾਰਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਤੇ ਇਸ ਉਪਲੱਬਧੀ ਤੋਂ ਬਾਅਦ ਦੇਸ਼ ਨਵੇਂ ਉਤਸ਼ਾਹ ਅਤੇ ਨਵੀਂ ਊਰਜਾ ਨਾਲ ਅੱਗੇ ਵੱਧ ਰਿਹਾ ਹੈ। ‘ਆਕਾਸ਼ਵਾਣੀ’ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 82ਵੀਂ ਕੜੀ ਵਿਚ ਆਪਣੇ ਵਿਚਾਰ ਰੱਖਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਟੀਕਾਕਰਨ ਪ੍ਰੋਗਰਾਮ ਦੀ ਸਫ਼ਲਤਾ ਦਾ ਉਨ੍ਹਾਂ ਨੂੰ ਯਕੀਨ ਸੀ ਕਿਉਂਕਿ ਉਹ ਦੇਸ਼ਵਾਸੀਆਂ ਦੀ ਸਮਰੱਥਾ ਤੋਂ ਚੰਗੀ ਤਰ੍ਹਾਂ ਜਾਣੂ ਹਨ। ਮੋਦੀ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਦੀ ਸਫ਼ਲਤਾ ‘ਸਾਰਿਆਂ ਦੇ ਯਤਨਾਂ’ ਦੇ ਮੰਤਰ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 100 ਕਰੋੜ ਖੁਰਾਕਾਂ ਦਾ ਅੰਕੜਾ ਬਹੁਤ ਵੱਡਾ ਜ਼ਰੂਰ ਹੈ ਪਰ ਇਸ ਨਾਲ ਲੱਖਾਂ ਛੋਟੇ-ਛੋਟੇ ਪ੍ਰੇਰਕ ਤੇ ਮਾਣ ਨਾਲ ਭਰ ਦੇਣ ਵਾਲੇ ਅਨੇਕ ਤਜਰਬੇ ਤੇ ਉਦਾਹਰਨਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸਿਹਤ ਕਰਮੀਆਂ ਨੇ ਆਪਣੀ ਅਣਥੱਕ ਮਿਹਨਤ ਤੇ ਸੰਕਲਪ ਨਾਲ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਮੋਦੀ ਨੇ ਕਿਹਾ ਕਿ ਸਭਿਆਚਾਰ ਮੰਤਰਾਲਾ ਦੇਸ਼ਭਗਤੀ ਦੇ ਗੀਤਾਂ/ਕਵਿਤਾਵਾਂ ਦਾ ਇਕ ਮੁਕਾਬਲਾ ਕਰਵਾ ਰਿਹਾ ਹੈ। ਇਹ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਰਚਨਾਵਾਂ ਲਿਖਣ ਜਿਨ੍ਹਾਂ ਵਿਚੋਂ ਨਵੇਂ ਭਾਰਤ ਦਾ ਵਿਚਾਰ ਝਲਕੇ। ਇੱਕੀਵੀਂ ਸਦੀ ਦੇ ਭਾਰਤ ਤੇ ਉਸ ਦੇ ਸੁਫਨਿਆਂ ਦਾ ਝਲਕਾਰਾ ਇਨ੍ਹਾਂ ਰਚਨਾਵਾਂ ਵਿਚੋਂ ਪਏ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਵਿਚ ਆਦਿਵਾਸੀਆਂ ਵੱਲੋਂ ਭਾਰਤ ਦੀ ਆਜ਼ਾਦੀ ਲਈ ਲੜਾਈ ਲੜਨ ਵਾਲੇ ਬਿਰਸਾ ਮੁੰਡਾ ਦਾ ਜ਼ਿਕਰ ਵੀ ਕੀਤਾ ਤੇ ਉਨ੍ਹਾਂ ਨੂੰ ‘ਪ੍ਰੇਰਣਾ ਦੇਣ ਵਾਲੀ ਤਾਕਤ’ ਕਰਾਰ ਦਿੱਤਾ। ਮੋਦੀ ਨੇ ਕਿਹਾ ਕਿ ਮੁੰਡਾ ਵੱਲੋਂ ਦਿੱਤੇ ਯੋਗਦਾਨ ਨੂੰ ਲੋਕ ਕਦੇ ਨਹੀਂ ਭੁਲਾ ਸਕਣਗੇ। ਮੋਦੀ ਨੇ ਆਪਣੇ ਸੰਬੋਧਨ ਵਿਚ ਦੇਸ਼ ਦੀ ਨਵੀਂ ਡਰੋਨ ਨੀਤੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਨੀਤੀ ਵਰਤਮਾਨ ਤੇ ਭਵਿੱਖੀ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਡਰੋਨ ਬਣਾਉਣ ਵਾਲੀਆਂ ਕਈ ਨਵੀਆਂ ਵਿਦੇਸ਼ੀ ਤੇ ਘਰੇਲੂ ਕੰਪਨੀਆਂ ਭਾਰਤ ਵਿਚ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਡਰੋਨ ਤਕਨੀਕ ਵਿਚ ਮੋਹਰੀ ਬਣਾਇਆ ਜਾਵੇਗਾ। -ਪੀਟੀਆਈ
‘ਸੈਨਾ ਤੇ ਪੁਲੀਸ ਸੇਵਾਵਾਂ ਵਿਚ ਔਰਤਾਂ ਦੀ ਗਿਣਤੀ ਵਧੀ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਾਂ ਇਹ ਧਾਰਨਾ ਬਣ ਗਈ ਸੀ ਕਿ ਸੈਨਾ ਤੇ ਪੁਲੀਸ ਜਿਹੀਆਂ ਸੇਵਾਵਾਂ ਕੇਵਲ ਪੁਰਸ਼ਾਂ ਲਈ ਹੁੰਦੀਆਂ ਹਨ ਪਰ ਅੱਜ ਮਹਿਲਾ ਪੁਲੀਸ ਕਰਮੀਆਂ ਦੀ ਗਿਣਤੀ ਬਹੁਤ ਵਧ ਗਈ ਹੈ। ਇਹ ਸ਼ਲਾਘਾਯੋਗ ਹੈ ਕਿਉਂਕਿ 2014 ਵਿਚ ਜਿੱਥੇ ਇਹ ਗਿਣਤੀ 1.5 ਲੱਖ ਦੇ ਕਰੀਬ ਸੀ, ਉੱਥੇ 2020 ਵਿਚ ਦੁੱਗਣੀ ਤੋਂ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗਿਣਤੀ ਹੁਣ 2.15 ਲੱਖ ਤੱਕ ਪਹੁੰਚ ਗਈ ਹੈ ਤੇ ਆਸ ਹੈ ਕਿ ਅੱਗੇ ਮਹਿਲਾਵਾਂ ਦੀ ਸ਼ਮੂਲੀਅਤ ਹੋਰ ਵੀ ਵਧੇਗੀ।