ਬਾਲਾਸੋਰ (ਉੜੀਸਾ), 23 ਦਸੰਬਰ
ਭਾਰਤ ਨੇ ਅੱਜ ਲਗਾਤਾਰ ਦੂਜੇ ਦਿਨ ਉੜੀਸਾ ਤੱਟ ਨੇੜੇ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਦੇ ਸਮਰੱਥ ਦੇਸ਼ ਅੰਦਰ ਬਣੀ ਬੈਲਿਸਟਿਕ ਮਿਜ਼ਾਈਲ ‘ਪ੍ਰਲਯ’ ਦੀ ਸਫ਼ਲ ਅਜ਼ਮਾਇਸ਼ ਕੀਤੀ। ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਵਾਰ ਲਗਾਤਾਰ ਦੋ ਦਿਨ ਡੀਆਰਡੀਓ ਵੱਲੋਂ ਵਿਕਸਿਤ ਬੈਲਿਸਟਿਕ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼ ਕੀਤੀ ਗਈ ਹੈ। ਏਪੀਜੇ ਅਬਦੁਲ ਕਲਾਮ ਦੀਪ ਤੋਂ ਲਾਂਚ ਕੀਤੀ ਗਈ ਮਿਜ਼ਾਈਲ ਨੇ ਮਿਸ਼ਨ ਦੇ ਸਾਰੇ ਟੀਚੇ ਪੂਰੇ ਕੀਤੇ ਹਨ।
ਡੀਆਰਡੀਓ ਨੇ ਕਿਹਾ, ‘ਅੱਜ ਹਥਿਆਰ ਦੀ ਸਟੀਕਤਾ ਤੇ ਮਾਰ ਕਰਨ ਦੀ ਸਮਰੱਥਾ ਸਾਬਤ ਕਰਨ ਲਈ ਭਾਰੀ ਪੇਲੋਡ ਤੇ ਵੱਖ ਵੱਖ ਰੇਂਜ ਲਈ ਮਿਜ਼ਾਈਲ ਦੀ ਅਜ਼ਮਾਇਸ਼ ਕੀਤੀ ਗਈ ਹੈ।’ ਇਹ ਮਿਜ਼ਾਈਲ 150 ਤੋਂ 500 ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਦੇ ਨਾਲ-ਨਾਲ ਨਵੀਂ ਤਕਨੀਕ ਨਾਲ ਲੈਸ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਕਾਮਯਾਬੀ ਲਈ ਡੀਆਰਡੀਓ ਨੂੰ ਵਧਾਈ ਦਿੱਤੀ ਤੇ ਡੀਆਰਡੀਓ ਦੇ ਮੁਖੀ ਜੀ ਸਤੀਸ਼ ਰੈੱਡੀ ਨੇ ਆਪਣੀ ਟੀਮ ਦੀ ਸ਼ਲਾਘਾ ਕੀਤੀ। -ਪੀਟੀਆਈ