ਨਵੀਂ ਦਿੱਲੀ: ਭਾਰਤ ਨੇ ਅੱਜ ਇਕ ਵੱਡੀ ਪੁਲਾਂਘ ਪੁੱਟਦਿਆਂ ਨਵੀਂ ਪੀੜ੍ਹੀ ਦੀ ਐਂਟੀ-ਰੈਡੀਏਸ਼ਨ ਮਿਜ਼ਾਈਲ ਰੁਦਰਾਮ-1 ਦੀ ਸੂ-30 ਐੱਮਕੇਆਈ ਲੜਾਕੂ ਜਹਾਜ਼ ਤੋਂ ਸਫ਼ਲ ਅਜ਼ਮਾਇਸ਼ ਕੀਤੀ ਹੈ। ਮਿਜ਼ਾਈਲ ਲੰਮੀ ਦੂਰੀ ਤੋਂ ਦੁਸ਼ਮਣ ਦੀਆਂ ਰਡਾਰਾਂ, ਹਵਾਈ ਸੁਰੱਖਿਆ ਪ੍ਰਣਾਲੀ ਤੇ ਸੂਚਨਾ ਨੈੱਟਵਰਕ ਨੂੰ ਤਬਾਹ ਕਰਨ ਦੇ ਸਮਰੱਥ ਹੈ। ਦੇਸ਼ ’ਚ ਹੀ ਵਿਕਸਤ ਇਸ ਮਿਜ਼ਾਈਲ ਦਾ ਅੱਜ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਉੜੀਸਾ ਦੀ ਬਾਲਾਸੋਰ ਇੰਟੇਗ੍ਰੇਟਿਡ ਟੈਸਟ ਰੇਂਜ ਤੋਂ ਪ੍ਰੀਖਣ ਕੀਤਾ ਗਿਆ। ਮਿਜ਼ਾਈਲ ਦੀ ਰਫ਼ਤਾਰ ਧੁਨੀ ਦੀ ਰਫ਼ਤਾਰ ਤੋਂ ਦੁੱਗਣੀ ਹੈ ਤੇ ਇਹ 250 ਕਿਲੋਮੀਟਰ ਤੱਕ ਦੇ ਨਿਸ਼ਾਨੇ ਨੂੰ ਫੁੰਡਣ ਦੇ ਸਮਰੱਥ ਹੈ। -ਪੀਟੀਆਈ