ਬਾਲਾਸੋਰ: ਭਾਰਤ ਨੇ ਬੁੱਧਵਾਰ ਨੂੰ ਉੜੀਸਾ ਦੇ ਕੰਢੇ ’ਤੇ ਚਾਂਦੀਪੁਰ ਦੇ ਸੰਗਠਤ ਟੈਸਟ ਰੇਂਜ ਤੋਂ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਦਾ ਆਸਮਾਨ ਤੋਂ ਮਾਰ ਕਰਨ ਵਾਲੇ ਵਰਜ਼ਨ ਦਾ ਸਫ਼ਲ ਪ੍ਰੀਖਣ ਕੀਤਾ ਹੈ। ਡੀਆਰਡੀਓ ਦੇ ਸੂਤਰਾਂ ਮੁਤਾਬਕ ਇਹ ਮੁਹਿੰਮ ਬ੍ਰਹਿਮੋਸ ਦੇ ਵਿਕਾਸ ’ਚ ਅਹਿਮ ਮੀਲ ਦਾ ਪੱਥਰ ਹੈ। ਮਿਜ਼ਾਈਲ ਨੂੰ ਅਸਮਾਨ ਤੋਂ ਸੁਖੋਈ 30 ਐੱਮੇਆਈ ਰਾਹੀਂ ਦਾਗ਼ਿਆ ਗਿਆ। ਸੂਤਰਾਂ ਨੇ ਕਿਹਾ ਕਿ ਮਿਜ਼ਾਈਲ ਸਾਰੇ ਉਦੇਸ਼ਾਂ ’ਤੇ ਖਰੀ ਉਤਰੀ। ਇਸ ਪ੍ਰੀਖਣ ਨਾਲ ਅਸਮਾਨ ਤੋਂ ਦਾਗ਼ੀਆਂ ਜਾਣ ਵਾਲੀਆਂ ਬ੍ਰਹਿਮੋਸ ਮਿਜ਼ਾਈਲਾਂ ਦੇ ਵੱਡੇ ਪੱਧਰ ’ਤੇ ਉਤਪਾਦਨ ਦਾ ਰਾਹ ਪੱਧਰਾ ਹੋ ਗਿਆ ਹੈ। ਡੀਆਰਡੀਓ ਦੇ ਚੇਅਰਮੈਨ ਡਾਕਟਰ ਜੀ ਸਤੀਸ਼ ਰੈੱਡੀ ਨੇ ਪੂਰੀ ਟੀਮ ਨੂੰ ਇਸ ਉਪਲੱਬਧੀ ’ਤੇ ਵਧਾਈ ਦਿੱਤੀ ਹੈ। -ਪੀਟੀਆਈ