ਨਵੀਂ ਦਿੱਲੀ, 18 ਸਤੰੰਬਰ
ਸੁਪਰੀਮ ਕੋਰਟ ਨੇ ਅੱਜ ਜ਼ਕਾਤ ਫਾਊਂਡੇਸ਼ਨ ਨੂੰ ਪੁੱਛਿਆ ਹੈ ਕਿ ਕੀ ਉਹ ਸੁਦਰਸ਼ਨ ਟੀਵੀ ਕੇਸ ’ਚ ਕੁਝ ਅਤਿਵਾਦੀ ਸੰਗਠਨਾਂ ਤੋਂ ਵਿਦੇਸ਼ੀ ਫੰਡਿੰਗ ਦੇ ਦੋਸ਼ਾਂ ਸਬੰਧੀ ਆਪਣਾ ਪੱਖ ਰੱਖਣਾ ਚਾਹੁੰਦੀ ਹੈ। ਜ਼ਕਾਤ ਫਾਊਂਡੇਸ਼ਨ ਇੱਕ ਐੱਨਜੀਓ ਹੈ ਜੋ ਸਿਵਲ ਸੇਵਾਵਾਂ ’ਚ ਜਾਣ ਦੇ ਚਾਹਵਾਨ ਮੁਸਲਿਮ ਵਿਦਿਆਰਥੀਆਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਉਂਦੀ ਹੈ। ਸੁਪਰੀਮ ਕੋਰਟ ਸੁਦਰਸ਼ਨ ਟੀਵੀ ਦੇ ਪ੍ਰੋਗਰਾਮ ‘ਬਿੰਦਾਸ ਬੋਲ’ ਦੇ ਉਸ ਪਰੋਮੋ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ ਜਿਸ ਦੇ ਪਰੋਮੋ ’ਚ ਦਾਅਵਾ ਕੀਤਾ ਗਿਆ ਸੀ ਕਿ ਇਹ ਸਰਕਾਰੀ ਸੇਵਾ ਵਿੱਚ ਮੁਸਲਮਾਨਾਂ ਦੀ ਦਖ਼ਲਅੰਦਾਜ਼ੀ ਦੀ ਸਾਜਿਸ਼ ਦਾ ਖੁਲਾਸਾ ਕਰੇਗਾ। ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਜ਼ਕਾਤ ਫਾਊਂਡੇਸ਼ਨ ਦੇ ਵਕੀਲ ਸੰਜੈ ਹੇਗੜੇ ਨੂੰ ਕਿਹਾ ਕਿ ਸੁਦਰਸ਼ਨ ਟੀਵੀ ਵੱਲੋਂ ਫਾਊਂਡੇਸ਼ਨ ’ਤੇ ਵਿਦੇਸ਼ੀ ਫੰਡਿੰਗ ਦੇ ਦੋਸ਼ ਲਾਏ ਗਏ ਹਨ ਅਤੇ ਕੀ ਊਹ ਇਸ ਮਾਮਲੇ ’ਚ ਕੁਝ ਕਹਿਣਾ ਚਾਹੁੰਦੀ ਹੈ। -ਪੀਟੀਆਈ