ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਦੇ ਹਲਫ਼ਨਾਮੇ ਦਾ ਨੋਟਿਸ ਲਿਆ ਹੈ ਜਿਸ ’ਚ ਉਸ ਨੇ ਕਿਹਾ ਹੈ ਕਿ ਸੁਦਰਸ਼ਨ ਟੀਵੀ ਦੇ ‘ਬਿੰਦਾਸ ਬੋਲ’ ਪ੍ਰੋਗਰਾਮ ’ਚ ਨੌਕਰਸ਼ਾਹੀ ’ਚ ਮੁਸਲਿਮ ਭਾਈਚਾਰੇ ਦੀ ਕਥਿਤ ਘੁਸਪੈਠ ’ਤੇ ਚਾਰ ਕਿਸ਼ਤਾਂ ਰਾਹੀਂ ਪ੍ਰੋਗਰਾਮ ਕੋਡ ਦੀ ਉਲੰਘਣਾ ਕੀਤੀ ਹੈ। ਬੈਂਚ ਸਾਹਮਣੇ ਜਦੋਂ ਇਹ ਮਾਮਲਾ ਸੁਣਵਾਈ ਲਈ ਆਇਆ ਤਾਂ ਉਨ੍ਹਾਂ ਇਸ ਕੇਸ ਨਾਲ ਸਬੰਧਤ ਸਾਰੀਆਂ ਧਿਰਾਂ ਨੂੰ ਕੇਂਦਰ ਦੇ ਜਵਾਬ ’ਤੇ ਨਜ਼ਰਸਾਨੀ ਕਰਕੇ ਆਪਣੇ ਜਵਾਬ ਦਾਇਰ ਕਰਨ ਦਾ ਨਿਰਦੇਸ਼ ਦਿੰਦਿਆਂ ਮਾਮਲੇ ਦੀ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਹੈ। -ਪੀਟੀਆਈ