ਦੇਵਿੰਦਰ ਸਿੰਘ ਜੱਗੀ
ਪਾਇਲ, 4 ਦਸੰਬਰ
ਏ ਆਰ ਦਫਤਰ ਪਾਇਲ ਵਿੱਚ ਤਾਇਨਾਤ ਸੁਪਰਡੈਂਟ ਨੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਥਾਣਾ ਪਾਇਲ ਦੇ ਮੁੱਖ ਅਫਸਰ ਸੰਤੋਖ ਸਿੰਘ ਨੇ ਦੱਸਿਆ ਕਿ ਏ ਆਰ ਦਫਤਰ ਪਾਇਲ ਵਿੱਚ ਤਾਇਨਾਤ ਸੁਪਰਡੈਂਟ ਗੁਰਮਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗੁਰੂ ਅਮਰਦਾਸ ਨਗਰ ਲੁਧਿਆਣਾ ਹਾਲ ਵਾਸੀ ਵਾਰਡ ਨੰਬਰ 1 ਰਾਈਮਾਜਰਾ ਪਾਇਲ ਵਿਖੇ ਇਕੱਲਾ ਹੀ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਜਿਸ ਦਾ ਆਪਣੀ ਪਤਨੀ ਨਾਲ ਝਗੜਾ ਚੱਲਦਾ ਸੀ। ਸੁਪਰਡੈਂਟ ਗੁਰਮਿੰਦਰ ਸਿੰਘ ਨੇ 3 ਦਸੰਬਰ ਦੀ ਰਾਤ ਨੂੰ ਮਕਾਨ ਦੇ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਗੁਰਮਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪਾਇਲ ਦੀ ਮੋਰਚਰੀ ਵਿੱਚ ਰੱਖ ਦਿੱਤਾ ਗਿਆ ਹੈ। ਤਫਤੀਸ਼ੀ ਸਬ-ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਥਾਣਾ ਪਾਇਲ ’ਚ ਮ੍ਰਿਤਕ ਗੁਰਮਿੰਦਰ ਸਿੰਘ ਦੀ ਭੈਣ ਜਸਵਿੰਦਰਪਾਲ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਖਿਲਾਫ ਧਾਰਾ 306 ਆਈਪੀਸੀ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।