ਨਵੀਂ ਦਿੱਲੀ: ਉੱਘੇ ਆਰਥਿਕ ਮਾਹਿਰ ਸੁਮਨ ਬੇਰੀ ਨੇ ਅੱਜ ਨੀਤੀ ਆਯੋਗ ਦੇ ਉਪ ਚੇਅਰਮੈਨ ਵਜੋਂ ਕੰਮਕਾਜ ਸੰਭਾਲ ਲਿਆ ਹੈ। ਉਹ ਰਾਜੀਵ ਕੁਮਾਰ ਦਾ ਸਥਾਨ ਲੈਣਗੇ। ਬੇਰੀ ਪਹਿਲਾਂ ਕੌਮੀ ਅਪਲਾਈਡ ਆਰਥਿਕ ਖੋਜ ਪਰਿਸ਼ਦ ਦੇ ਡਾਇਰੈਕਟਰ ਜਨਰਲ (ਮੁੱਖ ਕਾਰਜਕਾਰੀ) ਅਤੇ ਰੌਇਲ ਡੱਚ ਸ਼ੈਲ ਦੇ ਆਲਮੀ ਮੁੱਖ ਆਰਥਿਕ ਮਾਹਿਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਹ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੇ ਮੈਂਬਰ ਵੀ ਰਹੇ ਹਨ। ਨੀਤੀ ਆਯੋਗ ਦਾ ਉਪ ਚੇਅਰਮੈਨ ਬਣਨ ’ਤੇ ਬੇਰੀ ਨੇ ਕਿਹਾ ਕਿ ਰਾਜੀਵ ਕੁਮਾਰ ਉਨ੍ਹਾਂ ਲਈ ਅਜਿਹਾ ਅਦਾਰਾ ਛੱਡ ਕੇ ਗਏ ਹਨ ਜਿਸ ’ਚ ਕਈ ਨੌਜਵਾਨ ਸ਼ਾਮਲ ਹਨ। ‘ਉਨ੍ਹਾਂ ਦੇ ਸਰਕਾਰ ਦੇ ਅੰਦਰ ਅਤੇ ਬਾਹਰ ਦੀਆਂ ਧਿਰਾਂ ਨਾਲ ਮਜ਼ਬੂਤ ਸਬੰਧ ਰਹੇ ਹਨ।’ ਬੇਰੀ ਨੇ ਕਿਹਾ ਕਿ ਆਲਮੀ ਬੇਯਕੀਨੀ ਦੇ ਮਾਹੌਲ ’ਚ ਉਨ੍ਹਾਂ ’ਤੇ ਜੋ ਭਰੋਸਾ ਜਤਾਇਆ ਗਿਆ ਹੈ, ਉਸ ਨਾਲ ਉਹ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ। -ਪੀਟੀਆਈ