ਨਵੀਂ ਦਿੱਲੀ, 9 ਮਾਰਚ
ਸੁਪਰੀਮ ਕੋਰਟ ਨੇ 9,000 ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਮਾਮਲੇ ਵਿੱਚ ਮੁਲਜ਼ਮ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਪੇਸ਼ੀ ਨਾਲ ਸਬੰਧਤ ਪਟੀਸ਼ਨ ’ਤੇ ਸੁਣਵਾਈ ਭਲਕੇ ਵੀਰਵਾਰ ਤੱਕ ਮੁਲਤਵੀ ਕਰ ਦਿੱਤੀ ਹੈ। ਪੇਸ਼ੀ ਨਾਲ ਜੁੜੀ ਇਹ ਪਟੀਸ਼ਨ ਅਦਾਲਤੀ ਹੱਤਕ ਨਾਲ ਸਬੰਧਤ ਹੈ, ਜਿਸ ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਜਸਟਿਸ ਯੂ.ਯੂ. ਲਲਿਤ, ਜਸਟਿਸ ਐੱਸ.ਰਵਿੰਦਰ ਭੱਟ ਤੇ ਜਸਟਿਸ ਪੀ.ਐੱਸ.ਨਰਸਿਮ੍ਹਾ ਨੇ ਹੱਤਕ ਮਾਮਲੇ ਵਿੱਚ ਸੁਣਵਾਈ ਲਈ ਅੱਜ ਦੁਪਹਿਰੇ ਦੋ ਵਜੇ ਦਾ ਸਮਾਂ ਦਿੱਤਾ ਸੀ। ਇਸ ਤੋਂ ਪਹਿਲਾਂ ਸੀਨੀਅਰ ਵਕੀਲ ਤੇ ਅਦਾਲਤੀ ਮਿੱਤਰ ਜੈਦੀਪ ਗੁਪਤਾ ਨੇ ਕਿਸੇ ਹੋਰ ਕੇਸ ਵਿੱਚ ਰੁੱਝੇ ਹੋਣ ਦੀ ਗੱਲ ਆਖ ਕੇ ਸੁਣਵਾਈ ਮੁਲਤਵੀ ਕਰਨ ਦੀ ਅਪੀਲ ਕੀਤੀ। ਸਿਖਰਲੀ ਅਦਾਲਤ ਨੇ 10 ਫਰਵਰੀ ਨੂੰ ਮਾਲਿਆ ਖਿਲਾਫ਼ ਹੱਤਕ ਮਾਮਲੇ ’ਤੇ ਸੁਣਵਾਈ ਲਈ ਬੁੱਧਵਾਰ ਦੀ ਤਰੀਕ ਨਿਰਧਾਰਿਤ ਕਰਦਿਆਂ ਸ਼ਰਾਬ ਕਾਰੋਬਾਰੀ ਨੂੰ ਨਿੱਜੀ ਤੌਰ ਜਾਂ ਆਪਣੇ ਵਕੀਲ ਜ਼ਰੀਏ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਸੀ। -ਪੀਟੀਆਈ