ਨਵੀਂ ਦਿੱਲੀ, 20 ਮਾਰਚ
ਤਾਮਿਲ ਨਾਡੂ ਦੇ ਸਾਰੇ ਹਿੰਦੂ ਮੰਦਰਾਂ ’ਚ ਇੱਕ ਸੇਵਾਮੁਕਤ ਜੱਜ ਦੀ ਪ੍ਰਧਾਨਗੀ ਹੇਠ ਟਰੱਸਟੀ ਕਮੇਟੀ ਨਿਯੁਕਤ ਕਰਨ ਦੀ ਅਪੀਲ ਵਾਲੀ ਅਰਜ਼ੀ ਖਾਰਜ ਕਰਨ ਸਬੰਧੀ ਮਦਰਾਸ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਦੀ ਸੁਪਰੀਮ ਕੋਰਟ ਨੇ ਸਹਿਮਤੀ ਦੇ ਦਿੱਤੀ ਹੈ। ਜਸਟਿਸ ਇੰਦਰਾ ਬੈਨਰਜੀ ਤੇ ਜਸਟਿਸ ਜੇ.ਕੇ. ਮਹੇਸ਼ਵਰੀ ਦੇ ਬੈਂਚ ਨੇ ਤਾਮਿਲ ਨਾਡੂ ਰਾਜ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਪਿਛਲੇ ਸਾਲ ਨੌਂ ਦਸੰਬਰ ਨੂੰ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਪਟੀਸ਼ਨ ’ਤੇ ਜਵਾਬ ਮੰਗਿਆ ਹੈ। ਬੈਂਚ ਨੇ 16 ਮਾਰਚ ਦੇ ਆਪਣੇ ਹੁਕਮਾਂ ’ਚ ਕਿਹਾ, ‘ਨੋਟਿਸ ਜਾਰੀ ਕੀਤਾ ਜਾਵੇ।’ ਜ਼ਿਕਰਯੋਗ ਹੈ ਕਿ ਹਾਈ ਕੋਰਟ ਦੇ ਮਦੁਰਾਇ ਬੈਂਚ ਨੇ ਹਿੰਦੂ ਧਰਮ ਪਰਿਸ਼ਦ ਦੀ ਇੱਕ ਅਰਜ਼ੀ ’ਤੇ ਆਪਣਾ ਹੁਕਮ ਜਾਰੀ ਕੀਤਾ ਸੀ। ਅਰਜ਼ੀ ਰਾਹੀਂ ਰਾਜ ਅਤੇ ਹਿੰਦੂ ਧਾਰਮਿਕ ਤੇ ਚੈਰੀਟੇਬਲ ਵਿਭਾਗ ਨੂੰ ਤਾਮਿਲ ਨਾਡੂ ਦੇ ਸਾਰੇ ਮੰਦਰਾਂ ’ਚ ਇੱਕ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਟਰੱਸਟੀ ਕਮੇਟੀ ਨਿਯੁਕਤ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। -ਪੀਟੀਆਈ