ਨਵੀਂ ਦਿੱਲੀ, 8 ਅਕਤੂਬਰ
ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸਥਾਈ ਜੱਜਾਂ ਵਜੋਂ 10 ਵਧੀਕ ਜੱਜਾਂ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਚੀਫ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਕੌਲਿਜੀਅਮ ਨੇ ਇਹ ਫ਼ੈਸਲਾ 7 ਅਕਤੂਬਰ ਦੀ ਮੀਟਿੰਗ ਵਿੱਚ ਕੀਤਾ। ਇਸ ਸਬੰਧੀ ਪ੍ਰਸਤਾਵ ਸਿਖਰਲੀ ਅਦਾਲਤ ਦੀ ਵੈੱਬਸਾਈਟ ’ਤੇ ਸ਼ੁੱਕਰਵਾਰ ਨੂੰ ਅਪਲੋਡ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਧੀਕ ਜੱਜਾਂ ਦੇ ਨਾਮਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਜਸਟਿਸ ਸੁਵੀਰ ਸਹਿਗਲ, ਅਲਕਾ ਸਰੀਨ, ਜਸਗੁਰਪ੍ਰੀਤ ਸਿੰਘ ਪੁਰੀ, ਅਸ਼ੋਕ ਕੁਮਾਰ ਵਰਮਾ, ਸੰਤ ਪ੍ਰਕਾਸ਼, ਮੀਨਾਕਸ਼ੀ ਆਈ ਮਹਿਤਾ, ਕਰਮਜੀਤ ਸਿੰਘ, ਵਿਵੇਕ ਪੁਰੀ, ਅਰਚਨਾ ਪੁਰੀ ਅਤੇ ਰਾਜੇਸ਼ ਭਾਰਦਵਾਜ ਸ਼ਾਮਲ ਹਨ। ਛੇ ਅਕਤੂਬਰ ਨੂੰ ਕੀਤੀ ਮੀਟਿੰਗ ਦੌਰਾਨ ਕੌਲਿਜੀਅਮ ਨੇ ਚਾਰ ਵਕੀਲਾਂ ਨੂੰ ਕਰਨਾਟਕ ਹਾਈ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ। ਇੰਜ ਹੀ ਕੌਲਿਜੀਅਮ ਨੇ ਐਡਵੋਕੇਟ ਜੇ ਸੱਤਿਆ ਨਾਰਾਇਣ ਪ੍ਰਸਾਦ ਨੂੰ ਮਦਰਾਸ ਹਾਈ ਕੋਰਟ ਦੇ ਜੱਜ ਅਤੇ ਐਡਵੋਕੇਟ ਮਨੂ ਖਰੇ ਨੂੰ ਅਲਾਹਾਬਾਦ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਦੇ ਪ੍ਰਸਤਾਵ ਨੂੰ ਅਮਲੀ ਜਾਮਾ ਪਹਿਨਾਇਆ। -ਪੀਟੀਆਈ