ਨਵੀਂ ਦਿੱਲੀ, 21 ਸਤੰਬਰ
ਚੀਫ਼ ਜਸਟਿਸ ਐੱਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਛੇ ਹੋਰ ਜੱਜਾਂ ਨੂੰ ਦੇਸ਼ ਦੀਆਂ ਵੱਖ ਵੱਖ ਹਾਈ ਕੋਰਟਾਂ ਵਿੱਚ ਤਬਦੀਲ ਕੀਤੇ ਜਾਣ ਦੀ ਸਿਫਾਰਸ਼ ਕਰਨ ਦਾ ਫੈਸਲਾ ਕੀਤਾ ਹੈ। ਸਿਖਰਲੀ ਅਦਾਲਤ ਦੀ ਸਾਈਟ ’ਤੇ ਅਪਲੋਡ ਕੀਤੇ ਬਿਆਨ ਮੁਤਾਬਕ ਸੁਪਰੀਮ ਕੋਰਟ ਨੇ ਅੱਜ ਹੋਈ ਮੀਟਿੰਗ ਵਿੱਚ ਜਸਟਿਸ ਸੁਰੇਸ਼ਵਰ ਠਾਕੁਰ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਬਦੀਲ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਹੋਰਨਾਂ ਜੱਜਾਂ ਵਿੱਚ ਜਸਟਿਸ ਰਾਜਨ ਗੁਪਤਾ, ਜਿਨ੍ਹਾਂ ਦਾ ਪਿਤਰੀ ਹਾਈ ਕੋਰਟ ਪੰਜਾਬ ਤੇ ਹਰਿਆਣਾ ਹੈ, ਨੂੰ ਪਟਨਾ ਹਾਈ ਕੋਰਟ ਤਬਦੀਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਕਰਨਾਟਕ ਹਾਈ ਕੋਰਟ ਦੇ ਜਸਟਿਸ ਪੀ.ਬੀ.ਬਜੰਥਰੀ ਨੂੰ ਪਟਨਾ ਹਾਈ ਕੋਰਟ, ਰਾਜਸਥਾਨ ਹਾਈ ਕੋਰਟ ਦੇ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਨੂੰ ਪਟਨਾ ਹਾਈ ਕੋਰਟ, ਤਿਲੰਗਾਨਾ ਹਾਈ ਕੋਰਟ ਦੇ ਜਸਟਿਸ ਟੀ.ਅਮਰਨਾਥ ਗੌੜ ਨੂੰ ਤ੍ਰਿਪੁਰਾ ਹਾਈ ਕੋਰਟ ਤੇ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਸੁਭਾਸ਼ ਚੰਦ ਨੂੰ ਝਾਰਖੰਡ ਹਾਈ ਕੋਰਟ ਭੇਜੇ ਜਾਣ ਦੀ ਸਿਫਾਰਸ਼ ਕੀਤੀ ਗਈ ਹੈ। -ਪੀਟੀਆਈ