ਨਵੀਂ ਦਿੱਲੀ, 8 ਫਰਵਰੀ
ਸੁਪਰੀਮ ਕੋਰਟ ਨੇ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨੂੰ ਅੰਤ੍ਰਿਮ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਆਜ਼ਮ ਨੇ ਪਾਰਟੀ ਲਈ ਚੋਣ ਪ੍ਰਚਾਰ ਕਰਨ ਖਾਤਰ ਜ਼ਮਾਨਤ ਮੰਗੀ ਸੀ। ਜਸਟਿਸ ਐਲ. ਨਾਗੇਸ਼ਵਰ ਰਾਓ ਤੇ ਬੀ.ਆਰ. ਗਵਈ ਦੇ ਬੈਂਚ ਨੇ ਹਾਲਾਂਕਿ ਖਾਨ ਨੂੰ ਸਬੰਧਤ ਹੇਠਲੀ ਅਦਾਲਤ ਜਾਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਕਿਹਾ ਕਿ ਉਹ ਉੱਥੇ ਆਪਣੀਆਂ ਜ਼ਮਾਨਤ ਅਰਜ਼ੀਆਂ ਉਤੇ ਤੇਜ਼ੀ ਨਾਲ ਸੁਣਵਾਈ ਲਈ ਬੇਨਤੀ ਕਰ ਸਕਦਾ ਹੈ। ਬੈਂਚ ਨੇ ਕਿਹਾ, ‘ਤੁਸੀਂ ਜ਼ਮਾਨਤ ਮੰਗਣ ਲਈ 32 ਪਟੀਸ਼ਨਾਂ ਕਿਵੇਂ ਫਾਈਲ ਕਰ ਸਕਦੇ ਹੋ? ਅਦਾਲਤ ’ਚ ਰਾਜਨੀਤੀ ਨਾ ਲਿਆਓ’। ਆਜ਼ਮ ਖਾਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ‘ਸਪਾ’ ਆਗੂ ਖ਼ਿਲਾਫ਼ 87 ਐਫਆਈਆਰਜ਼ ਹਨ ਤੇ ਉਨ੍ਹਾਂ ਨੂੰ 84 ਕੇਸਾਂ ਵਿਚ ਜ਼ਮਾਨਤ ਮਿਲ ਚੁੱਕੀ ਹੈ। ਆਜ਼ਮ ਨੇ ਕਿਹਾ, ‘ਮੈਂ ਬਿਨਾਂ ਕਿਸੇ ਅਪਰਾਧ ਜੇਲ੍ਹ ਵਿਚ ਹਾਂ। ਦੱਸੋ ਮੈਂ ਕਿੱਥੇ ਜਾਵਾਂ? ਮੈਂ ਅਦਾਲਤ ਵਿਚ ਕੋਈ ਸਿਆਸਤ ਨਹੀਂ ਲਿਆ ਰਿਹਾ।’ ਸਿੱਬਲ ਨੇ ਕਿਹਾ ਕਿ ਜ਼ਮਾਨਤ ਅਰਜ਼ੀ ਉਤੇ ਪਿਛਲੇ 3-4 ਮਹੀਨਿਆਂ ਤੋਂ ਸੁਣਵਾਈ ਹੀ ਨਹੀਂ ਹੋਈ ਜਦਕਿ ਕਈ ਵਾਰ ਬੇਨਤੀ ਕੀਤੀ ਗਈ। -ਪੀਟੀਆਈ