ਨਵੀਂ ਦਿੱਲੀ, 7 ਅਕਤੂਬਰ
ਸਪੁਰੀਮ ਕੋਰਟ ਨੇ ਅੱਜ ਹਰਿਆਣਾ ਦੇ ਫਰੀਦਾਬਾਦ ’ਚ ਰੇਲਵੇ ਟਰੈਕਾਂ ਨੇੜੇ ਬਣੀਆਂ ਝੁੱਗੀਆਂ ਢਾਹੁਣ ਸਬੰਧੀ ਮਾਮਲੇ ’ਚ ਝੁੱਗੀਆਂ ਦੇ ਮਾਲਕਾਂ ਨੂੰ ਰਾਹਤ ਦਿੰਦਿਆਂ ਸਟੇਟਸ ਕੋਅ 10 ਨਵੰਬਰ ਤੱਕ ਵਧਾ ਦਿੱਤੀ ਹੈ। ਇਨ੍ਹਾਂ ਝੁੱਗੀਆਂ ਵਿਚ ਰਹਿੰਦੇ ਲੋਕਾਂ ਨੇ ਬੇਦਖਲੀ ’ਤੇ ਰੋਕ ਲਾਉਣ ਦੀ ਮੰਗ ਕਰਦਿਆਂ ਅਦਾਲਤ ਤੱਕ ਪਹੁੰਚ ਕੀਤੀ ਸੀ। ਇਸ ਮਾਮਲੇ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਇਸ ਸਬੰਧੀ ਸਟੇਟਸ ਕੋਅ 10 ਨਵੰਬਰ ਤੱਕ ਜਾਰੀ ਰਹੇਗੀ।
ਇਸੇ ਦੌਰਾਨ ਸਿਖ਼ਰਲੀ ਅਦਾਲਤ ਨੇ ਇਕ ਹੋਰ ਮਾਮਲੇ ਦੀ ਸੁਣਵਾਈ ਕਰਦਿਆਂ ਗੁਜਰਾਤ ਵਿਚ ਇਕ ਰੇਲਵੇ ਲਾਈਨ ਪ੍ਰਾਜੈਕਟ ਲਈ ਕਰੀਬ 5,000 ਝੁੱਗੀਆਂ ਢਾਹੁਣ ’ਤੇ ਲਗਾਈ ਗਈ ਰੋਕ 10 ਨਵੰਬਰ ਤੱਕ ਵਧਾ ਦਿੱਤੀ ਹੈ। ਸਰਕਾਰ ਨੇ ਦਲੀਲ ਦਿੱਤੀ ਕਿ ਇੱਥੋਂ ਉਜਾੜੇ ਜਾਣ ਵਾਲੇ ਲੋਕਾਂ ਦਾ ਮੁੜਵਸੇਬਾ ਕਰਨਾ ਹੈ ਜਾਂ ਨਹੀਂ, ਬਾਰੇ ਚਰਚਾ ਚੱਲ ਰਹੀ ਹੈ। ਸਰਕਾਰ ਦੀ ਇਹ ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ ਝੁੱਗੀਆਂ ਢਾਹੁਣ ਦੇ ਮਾਮਲੇ ’ਤੇ ਲਗਾਈ ਸਟੇਟਸ ਕੋਅ 10 ਨਵੰਬਰ ਤੱਕ ਵਧਾ ਦਿੱਤੀ। ਇਨ੍ਹਾਂ ਦੋਹਾਂ ਮਾਮਲਿਆਂ ਦੀ ਸੁਣਵਾਈ ਜਸਟਿਸ ਏ.ਐੱਮ. ਖਾਨਵਿਲਕਰ ਦੀ ਪ੍ਰਧਾਨਗੀ ਵਾਲੇ ਇਕ ਬੈਂਚ ਨੇ ਕੀਤੀ, ਜਿਸ ਵਿਚ ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੀ.ਟੀ. ਰਵੀਕੁਮਾਰ ਵੀ ਸ਼ਾਮਲ ਸਨ। -ਪੀਟੀਆਈ