ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਦੋ ਨਵੇਂ ਜੱਜਾਂ ਦੀ ਨਿਯੁਕਤੀ ਨਾਲ ਹੀ ਸਰਵਉੱਚ ਅਦਾਲਤ ਵਿੱਚ ਇੱਕ ਵਾਰ ਫਿਰ ਕੁੱਲ 34 ਜੱਜਾਂ ਦੀ ਸਮਰੱਥਾ ਪੂਰੀ ਹੋਣ ਜਾਣ ਜਾ ਰਹੀ ਹੈ। ਭਾਰਤ ਦੇ ਚੀਫ਼ ਜਸਟਿਸ (ਸੀਜੀਆਈ) ਐੱਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੌਲਿਜੀਅਮ ਵੱਲੋਂ ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਸੁਧਾਂਸ਼ੂ ਧੂਲੀਆ ਅਤੇ ਗੁਜਰਾਤ ਹਾਈ ਕੋਰਟ ਦੇ ਜਸਟਿਸ ਜਮਸ਼ੇਦ ਬੀ. ਪਾਰਦੀਵਾਲਾ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਭੇਜਣ ਦੀ ਸਿਫ਼ਾਰਸ਼ ਦੇ ਦੋ ਦਿਨ ਬਾਅਦ ਕੇਂਦਰੀ ਕਾਨੂੰਨ ਮੰਤਰਾਲੇ ਨੇ ਅੱਜ ਵੱਖ-ਵੱਖ ਨੋਟੀਫਿਕੇਸ਼ਨ ਜਾਰੀ ਕਰਕੇ ਉਨ੍ਹਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਨਵੇਂ ਜੱਜਾਂ ਵੱਲੋਂ ਅਗਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਸਹੁੰ ਚੁੱਕਣ ਮਗਰੋਂ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਪੂਰੀ 34 ਹੋ ਜਾਵੇਗੀ। ਉੱਚ ਨਿਆਂਪਾਲਿਕਾ ਦੇ ਮੈਂਬਰਾਂ ਦੀ ਨਿਯੁਕਤੀ ਪ੍ਰਕਿਰਿਆ ਤੋਂ ਜਾਣੂ ਸੂਤਰਾਂ ਨੇ ਦੱਸਿਆ ਕਿ ਜਸਟਿਸ ਜਮਸ਼ੇਦ ਬੀ. ਪਾਰਦੀਵਾਲਾ ਦੋ ਸਾਲ ਤੋਂ ਵੱਧ ਸਮੇਂ ਤੱਕ ਭਾਰਤ ਦੇ ਚੀਫ਼ ਜਸਟਿਸ ਵਜੋਂ ਕੰਮ ਕਰਨਗੇ। ਜਸਟਿਸ ਧੂਲੀਆ ਉੱਤਰਾਖੰਡ ਤੋਂ ਤਰੱਕੀਯਾਬ ਹੋਣ ਵਾਲੇ ਦੂਜੇ ਜੱਜ ਹੋਣਗੇ ਅਤੇ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਤੋਂ ਥੋੜ੍ਹਾ ਵੱਧ ਸਮੇਂ ਦਾ ਹੋਵੇਗਾ। ਉਹ ਕੌਮੀ ਪੁਰਸਕਾਰ ਜੇਤੂ ਫ਼ਿਲਮ ਡਾਇਰੈਕਟਰ ਅਤੇ ਅਦਾਕਾਰ ਤਿਗਮਾਂਸ਼ੂ ਧੂਲੀਆ ਦੇ ਭਰਾ ਹਨ। -ਪੀਟੀਆਈ