ਨਵੀਂ ਦਿੱਲੀ, 15 ਮਾਰਚ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਖਵਾਂਕਰਨ ਨਾਲ ਸਬੰਧਤ ਮੰਡਲ ਮਾਮਲੇ ਦੇ ਨਾਂ ’ਤੇ ਚਰਚਿਤ ਇੰਦਰਾ ਸਾਹਨੀ ਮਾਮਲੇ ’ਤੇ ਵੱਡੇ ਬੈਂਚ ਵੱਲੋਂ ਨਜ਼ਰਸਾਨੀ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਸ਼ੁਣਵਾਈ ਸ਼ੁਰੂ ਕਰ ਦਿੱਤੀ। ਅਦਾਲਤ ਨੇ 1992 ਵਿੱਚ ਪਟੀਸ਼ਨਰ ਇੰਦਰਾ ਸਾਹਨੀ ਦੀ ਅਰਜ਼ੀ ’ਤੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਜਾਤੀ ਆਧਾਰ ’ਤੇ ਰਾਖਵਾਂਕਰਨ ਦੀ ਹੱਦ 50 ਫੀਸਦੀ ਤੈਅ ਕੀਤੀ ਸੀ। ਜਸਿਟਸ ਅਸ਼ੋਕ ਭੂਸ਼ਣ, ਜਸਟਿਸ ਐਨ ਨਾਗੇਸ਼ਵਰ ਰਾਓ, ਜਸਟਿਸ ਐਸ ਅਬਦੁਲ ਨਜ਼ੀਰ, ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਆਰ ਰਵਿੰਦਰ ਭੱਟ ਦੇ 5 ਮੈਂਬਰੀ ਸੰਵਿਧਾਨਕ ਬੈਂਚ ਨੇ ਕੁਝ ਸੂਬਿਆਂ ਵੱਲੋਂ ਇਸ ਸਬੰਧੀ ਜਵਾਬ ਦਾਖਲ ਕਰਨ ਲਈ ਸਮਾਂ ਮੰਗੇ ਜਾਣ ਦੀ ਅਪੀਲ ’ਤੇ ਉਨ੍ਹਾਂ ਨੂੰ 7 ਦਿਨਾਂ ਦਾ ਸਮਾਂ ਦਿੱਤਾ ਹੈ।-ਏਜੰਸੀ