ਨਵੀਂ ਦਿੱਲੀ: ਬੈਂਕ ਘੁਟਾਲਿਆਂ ’ਚ ਆਰਬੀਆਈ ਅਧਿਕਾਰੀਆਂ ਦੀ ਕਥਿਤ ਭੂਮਿਕਾ ਦੀ ਜਾਂਚ ਬਾਰੇ ਭਾਜਪਾ ਆਗੂ ਡਾ. ਸੁਬਰਾਮਣੀਅਨ ਸਵਾਮੀ ਵੱਲੋਂ ਦਾਇਰ ਅਰਜ਼ੀ’ਤੇ ਗੌਰ ਕਰਨ ਲਈ ਸੁਪਰੀਮ ਕੋਰਟ ਨੇ ਸਹਿਮਤੀ ਦੇ ਦਿੱਤੀ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਇਸ ਮਾਮਲੇ ਵਿਚ ਸੀਬੀਆਈ ਤੇ ਆਰਬੀਆਈ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਬੈਂਚ ਨੇ ਕਿਹਾ ਕਿ ਇਸ ਉਤੇ ਵਿਚਾਰ ਕੀਤਾ ਜਾਵੇਗਾ। ਸਵਾਮੀ ਨੇ ਦੋਸ਼ ਲਾਇਆ ਹੈ ਕਿ ਕਿੰਗਫਿਸ਼ਰ, ਬੈਂਕ ਆਫ ਮਹਾਰਾਸ਼ਟਰ ਤੇ ਯੈੱਸ ਬੈਂਕ ਨਾਲ ਜੁੜੇ ਘੁਟਾਲਿਆਂ ਦੇ ਮਾਮਲਿਆਂ ਵਿਚ ਆਰਬੀਆਈ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਨਹੀਂ ਕੀਤੀ ਗਈ। ਅਰਜ਼ੀ ਵਿਚ ਦੋਸ਼ ਲਾਇਆ ਗਿਆ ਹੈ ਕਿ ਆਰਬੀਆਈ ਅਧਿਕਾਰੀਆਂ ਦੀ ਮਿਲੀਭੁਗਤ ਰਹੀ ਹੈ। -ਪੀਟੀਆਈ