ਨਵੀਂ ਦਿੱਲੀ, 9 ਅਗਸਤ
ਸੁਪਰੀਮ ਕੋਰਟ ਨੇ ਕੋਵਿਡ-19 ਵੈਕਸੀਨਾਂ ਦੇ ਕਲੀਨਿਕਲ ਟਰਾਇਲਾਂ ਸਬੰਧੀ ਡੇਟਾ ਜਨਤਕ ਕੀਤੇ ਜਾਣ ਦੀ ਮੰਗ ਕਰਦੀ ਪਟੀਸ਼ਨ ਉੱਤੇ ਕੇਂਦਰ ਸਰਕਾਰ ਤੇ ਹੋਰਨਾਂ ਤੋਂ ਜਵਾਬ ਮੰਗ ਲਿਆ ਹੈ। ਜਸਟਿਸ ਐੱਲ.ਨਾਗੇਸ਼ਵਰ ਰਾਓ ਤੇ ਅਨਿਰੁੱਧ ਬੋਸ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕੇਂਦਰ ਤੇ ਹੋਰਨਾਂ ਨੂੰ ਜਵਾਬ ਦਾਖ਼ਲ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਪਟੀਸ਼ਨਰ ਵੱਲੋਂ ਪੇਸ਼ ਐਡਵੋਕੇਟ ਪ੍ਰਸ਼ਾਂਤ ਭੂਸ਼ਨ ਨੇ ਕਿਹਾ ਕਿ ਕੋਵਿਡ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਹਨ, ਜਿਸ ਕਰਕੇ ਉਹ ਟੀਕੇ ਲਗਵਾਉਣ ਤੋਂ ਝਿਜਕਦੇ ਹਨ। ਭੂਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਇਹ ਪਟੀਸ਼ਨ ‘ਐਂਟੀ ਵੈਕਸੀਨ’ ਨਹੀਂ ਹੈ ਤੇ ਨਾ ਹੀ ਪਟੀਸ਼ਨਰ ਦਾ ਮਕਸਦ ਦੇਸ਼ ਵਿੱਚ ਕੋਵਿਡ ਟੀਕਾਕਰਨ ਪ੍ਰੋਗਰਾਮ ਨੂੰ ਰੋਕਣ ਦਾ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨਰ ਚਾਹੁੰਦਾ ਹੈ ਕਿ ਟੀਕਾਕਰਨ ਦੇ ਮੁੱਦੇ ’ਤੇ ਪੂਰੀ ਪਾਰਦਰਸ਼ਤਾ ਵਰਤੀ ਜਾਵੇ ਤੇ ਵੈਕਸੀਨਾਂ ਦੇ ਕਲੀਨਿਕਲ ਟਰਾਇਲਾਂ ਦਾ ਡੇਟਾ ਜਨਤਕ ਕੀਤਾ ਜਾਵੇ ਤਾਂ ਕਿ ਸਾਰੇ ਸ਼ੱਕ-ਸ਼ੁਬ੍ਹੇ ਦੂਰ ਹੋਣ। -ਪੀਟੀਆਈ