ਨਵੀਂ ਦਿੱਲੀ, 15 ਮਾਰਚ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਮਲਿਆਲਮ ਨਿਊਜ਼ ਚੈਨਲ ‘ਮੀਡੀਆ ਵਨ’ ਦੇ ਪ੍ਰਸਾਰਣ ’ਤੇ ਲਾਈ ਪਾਬੰਦੀ ਉੱਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਕੇਂਦਰ ਨੇ 31 ਜਨਵਰੀ ਨੂੰ ਚੈਨਲ ਦੇ ਪ੍ਰਸਾਰਣ ’ਤੇ ਪਾਬੰਦੀ ਸਬੰਧੀ ਹੁਕਮ ਜਾਰੀ ਕੀਤੇ ਸਨ। ਜਸਟਿਸ ਡੀ.ਵਾਈ.ਚੰਦਰਚੂੜ, ਜਸਟਿਸ ਸੂਰਿਆ ਕਾਂਤ ਤੇ ਜਸਟਿਸ ਵਿਕਰਮ ਨਾਥ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਨਿਊਜ਼ ਚੈਨਲ ਖ਼ਬਰਾਂ ਤੇ ਚਲੰਤ ਮਾਮਲਿਆਂ ਨੂੰ ਲੈ ਕੇ ਆਪਣਾ ਕੰਮਕਾਜ ਜਾਰੀ ਰੱਖ ਸਕਦਾ ਹੈ। ਉਂਜ ਬੈਂਚ ਨੇ ਉਨ੍ਹਾਂ ਫਾਈਲਾਂ ਦੇ ਵਿਸ਼ਾ-ਵਸਤੂ, ਜਿਨ੍ਹਾਂ ਦੇ ਆਧਾਰ ’ਤੇ ਪਾਬੰਦੀ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ, ਚੈਨਲ ਨੂੰ ਦੇਣ ਸਬੰਧੀ ਕੋਈ ਸਪਸ਼ਟ ਹੁਕਮ ਨਹੀਂ ਦਿੱਤੇ। ਚੈਨਲ ਇਨ੍ਹਾਂ ਫਾਈਲਾਂ ਜ਼ਰੀਏ ਆਪਣੀ ਪੈਰਵੀ ਕਰ ਸਕਦਾ ਹੈ। ਸਿਖਰਲੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਚੈਨਲ ਵੱਲੋਂ ਹਾਈ ਕੋਰਟ ਦੇ ਹੁਕਮਾਂ ਖਿਲਾਫ਼ ਦਾਇਰ ਅਪੀਲ ’ਤੇ 26 ਮਾਰਚ ਤੱਕ ਤਫ਼ਸੀਲ ’ਚ ਜਵਾਬ ਦਾਅਵਾ ਦਾਖਲ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਕੇਰਲਾ ਹਾਈ ਕੋਰਟ ਨੇ ਕੇਂਦਰ ਸਰਕਾਰ ਦੇ ਨਿਊਜ਼ ਚੈਨਲ ਦੇ ਪ੍ਰਸਾਰਣ ’ਤੇ ਪਾਬੰਦੀ ਲਾਉਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਸਿਖਰਲੀ ਅਦਾਲਤ ਨੇ ਚੈਨਲ ਵੱਲੋਂ ਦਾਇਰ ਪਟੀਸ਼ਨ ਉੱਤੇ 10 ਮਾਰਚ ਨੂੰ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਸੀ। -ਪੀਟੀਆਈ