ਨਵੀਂ ਦਿੱਲੀ, 10 ਜਨਵਰੀ
ਸੁਪਰੀਮ ਕੋਰਟ ਅੱਜ ਉੱਤਰਾਖੰਡ ਦੇ ਹਰਿਦੁਆਰ ਵਿਚ ਹਾਲ ’ਚ ਹੋਈ ‘ਧਰਮ ਸੰਸਦ’ ਦੌਰਾਨ ਨਫ਼ਰਤੀ ਭਾਸ਼ਣ ਦੇਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਦੀ ਅਪੀਲ ਕਰਨ ਵਾਲੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਗਿਆ। ਚੀਫ਼ ਜਸਟਿਸ ਐੱਨ.ਵੀ. ਰਾਮੰਨਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਉਨ੍ਹਾਂ ਦਲੀਲਾਂ ’ਤੇ ਗੌਰ ਕੀਤਾ ਕਿ ਨਫ਼ਰਤੀ ਭਾਸ਼ਣ ਦੇਣ ਵਾਲਿਆਂ ਖ਼ਿਲਾਫ਼ ਐੱਫਆਈਆਰ ਦਰਜ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਸਿੱਬਲ ਨੇ ਕਿਹਾ, ‘‘ਹਰਿਦੁਆਰ ਵਿਚ 17 ਅਤੇ 19 ਦਸੰਬਰ ਨੂੰ ਧਰਮ ਸੰਸਦ ਵਿਚ ਜੋ ਹੋਇਆ, ਉਸ ਸਬੰਧੀ ਮੈਂ ਇਹ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਹੈ। ਅਸੀਂ ਮੁਸ਼ਕਿਲ ਦੌਰ ਵਿਚ ਰਹਿ ਰਹੇ ਹਾਂ ਜਿੱਥੇ ਦੇਸ਼ ਵਿਚ ‘ਸੱਤਿਆਮੇਵ ਜਯਤੇ’ ਦਾ ਨਾਰਾ ਬਦਲ ਗਿਆ ਹੈ।’’ ਸੀਜੇਆਈ ਨੇ ਕਿਹਾ, ‘‘ਠੀਕ ਹੈ, ਅਸੀਂ, ਮਾਮਲੇ ’ਤੇ ਸੁਣਵਾਈ ਕਰਾਂਗੇ।’’ -ਪੀਟੀਆਈ