ਨਵੀਂ ਦਿੱਲੀ, 26 ਮਾਰਚ
ਸੁਪਰੀਮ ਕੋਰਟ ਨੇ ਅੱਜ ਐੱਨਸੀਐੱਲਏਟੀ ਦਾ 18 ਦਸੰਬਰ 2019 ਦਾ ਉਹ ਫ਼ੈਸਲਾ ਰੱਦ ਕਰ ਦਿੱਤਾ ਹੈ ਜਿਸ ’ਚ ਸਾਇਰਸ ਮਿਸਤਰੀ ਨੂੰ ਟਾਟਾ ਸਮੂਹ ਦਾ ਮੁੜ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਹੁਕਮ ਦਿੱਤੇ ਗਏ ਸਨ। ਚੀਫ ਜਸਟਿਸ ਐੱਸਏ ਬੋਬੜੇ, ਜਸਟਿਸ ਏਐੱਸ ਬੋਪੰਨਾ ਅਤੇ ਜਸਟਿਸ ਵੀ ਰਾਮਾ ਸੁਬਰਾਮਨੀਅਮ ਦੇ ਬੈਂਚ ਨੇ ਟਾਟਾ ਸਮੂਹ ਦੀ ਅਪੀਲ ਨੂੰ ਸਹੀ ਠਹਿਰਾਇਆ ਹੈ। ਬੈਂਚ ਨੇ ਆਪਣੇ ਹੁਕਮ ’ਚ ਕਿਹਾ, ‘ਕੌਮੀ ਕੰਪਨੀ ਲਾਅ ਅਪੀਲੀ ਅਥਾਰਿਟੀ (ਐੱਨਸੀਐੱਲਏਟੀ) ਦੇ 18 ਦਸੰਬਰ 2019 ਦੇ ਫ਼ੈਸਲੇ ਨੂੰ ਰੱਦ ਕੀਤਾ ਜਾਂਦਾ ਹੈ।’ ਟਾਟਾ ਸੰਨਜ਼ ਪ੍ਰਾਈਵੇਟ ਲਿਮਿਟਡ ਤੇ ਸਾਇਰਸ ਇਨਵੈਸਟਮੈਂਟ ਪ੍ਰਾਈਵੇਟ ਲਿਮਿਟਡ ਨੇ ਐੱਨਸੀਐੱਲਏਟੀ ਦੇ ਫ਼ੈਸਲੇ ਖ਼ਿਲਾਫ਼ ਕਰਾਸ ਅਪੀਲ ਦਾਇਰ ਕੀਤੀ ਸੀ ਜਿਸ ’ਤੇ ਸਿਖਰਲੀ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ। ਟਾਟਾ ਸਮੂਹ ਦੇ ਚੇਅਰਮੈਨ ਰਤਨ ਟਾਟਾ ਨੇ ਅਦਾਲਤ ਦੇ ਫ਼ੈਸਲੇ ਮਗਰੋਂ ਟਵੀਟ ਕੀਤਾ, ‘ਮੈਂ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸ਼ਲਾਘਾ ਕਰਦਾ ਹਾਂ ਅਤੇ ਅਦਾਲਤ ਦਾ ਸ਼ੁਕਰਗੁਜ਼ਾਰ ਹਾਂ। ਇਹ ਹਾਰ ਜਾਂ ਜਿੱਤ ਦਾ ਵਿਸ਼ਾ ਨਹੀਂ ਹੈ। ਮੇਰੀ ਇਮਾਨਦਾਰੀ ਤੇ ਸਮੂਹ ਦੀ ਨੈਤਿਕਤਾ ’ਤੇ ਲਗਾਤਾਰ ਹਮਲੇ ਕੀਤੇ ਗਏ। ਫ਼ੈਸਲੇ ਨੇ ਟਾਟਾ ਸਮੂਹ ਦੇ ਮੁੱਲਾਂ ਤੇ ਨੈਤਿਕਤਾ ’ਤੇ ਮੁਹਰ ਲਾਈ ਹੈ।’ -ਪੀਟੀਆਈ