ਨਵੀਂ ਦਿੱਲੀ, 27 ਅਗਸਤ
ਸੁਪਰੀਮ ਕੋਰਟ ਨੇ ਕਾਰੋਬਾਰੀ ਵਿਜੈ ਮਾਲਿਆ ਵੱਲੋਂ ਅਦਾਲਤੀ ਹੱਤਕ ਮਾਮਲੇ ਵਿੱਚ ਦਾਇਰ ਨਜ਼ਰਸਾਨੀ ਪਟੀਸ਼ਨ ’ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਸੁਪਰੀਮ ਕੋਰਟ ਨੇ ਸਾਲ 2017 ਵਿੱਚ ਮਾਲਿਆ ਨੂੰ ਆਪਣੇ ਬੱਚਿਆਂ ਦੇ ਨਾਮ ਤਬਦੀਲ ਕੀਤੇ 4 ਕਰੋੜ ਅਮਰੀਕੀ ਡਾਲਰ ਲਈ ਅਦਾਲਤੀ ਤੌਹੀਨ ਦਾ ਦੋਸ਼ੀ ਕਰਾਰ ਦਿੱਤਾ ਸੀ। ਮਾਲਿਆ ਨੇ ਪਟੀਸ਼ਨ ਵਿੱੱਚ ਸੁਪਰੀਮ ਕੋਰਟ ਤੋਂ ਆਪਣੇ ਇਸੇ ਫੈਸਲੇ ’ਤੇ ਨਜ਼ਰਸਾਨੀ ਕੀਤੇ ਜਾਣ ਦੀ ਮੰਗ ਕੀਤੀ ਸੀ। ਜਸਟਿਸ ਯੂ.ਯੂ.ਲਲਿਤ ਤੇ ਅਸ਼ੋਕ ਭੂਸ਼ਣ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਦਲੀਲਾਂ ਸੁਣਨ ਮਗਰੋਂ ਫੈਸਲਾਂ ਰਾਖਵਾਂ ਰੱਖ ਲਿਆ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮਾਲਿਆ ਦੀ ਨਜ਼ਰਸਾਨੀ ਪਟੀਸ਼ਨ ਸੂਚੀਬੰਦ ਕਰਨ ਵਿੱਚ ਹੋਈ ਦੇਰੀ ਲਈ ਜੂਨ ਮਹੀਨੇ ਆਪਣੀ ਰਜਿਸਟਰੀ ਤੋਂ ਜਵਾਬ ਮੰਗਿਆ ਸੀ। ਸੁਪਰੀਮ ਕੋਰਟ ਨੇ ਸਵਾਲ ਕੀਤਾ ਸੀ ਕਿ ਤਿੰਨ ਸਾਲ ਪਹਿਲਾਂ ਦਾਇਰ ਪਟੀਸ਼ਨ ਸੂਚੀਬੰਦ ਕਰਨ ਨੂੰ ਇੰਨਾ ਸਮਾਂ ਕਿਉਂ ਲੱਗਾ। ਸਰਕਾਰੀ ਬੈਂਕਾਂ ਦਾ 9000 ਕਰੋੜ ਰੁਪਏ ਦਾ ਦੇਣਦਾਰ ਭਗੌੜਾ ਕਾਰੋਬਾਰੀ ਮਾਲਿਆ ਇਸ ਵੇਲੇ ਯੂਕੇ ਵਿੱਚ ਹੈ। -ਪੀਟੀਆਈ