ਨਵੀਂ ਦਿੱਲੀ, 14 ਜੂਨ
ਸੁਪਰੀਮ ਕੋਰਟ ਨੇ ਪੱਤਰਕਾਰ ਵਿਨੋਦ ਦੂਆ ਨੂੰ ਰਾਹਤ ਦਿੰਦਿਆਂ ਐਤਵਾਰ ਨੂੰ ਵਿਸ਼ੇਸ਼ ਸੁਣਵਾਈ ਦੌਰਾਨ ਆਦੇਸ਼ ਦਿੱਤਾ ਕਿ ਸ੍ਰੀ ਦੂਆ ਖ਼ਿਲਾਫ਼ ਉਨ੍ਹਾਂ ਦੇ ਯੂਟਿਊਬ ਸ਼ੋਅ ਸਬੰਧੀ ਹਿਮਾਚਲ ਪ੍ਰਦੇਸ਼ ਵਿੱਚ ਦਰਜ ਦੇਸ਼ ਧ੍ਰੋਹ ਦੇ ਕੇਸ ਵਿੱਚ ਇਸ ਪੱਤਰਕਾਰ ਦੀ 6 ਜੁਲਾਈ ਤੱਕ ਗ੍ਰਿਫ਼ਤਾਰ ਨਾ ਕੀਤੀ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਸ੍ਰੀ ਦੂਆ ਨੂੰ ਜਾਂਚ ਵਿਚ ਸ਼ਾਮਲ ਹੋਣਾ ਪਏਗਾ ਅਤੇ ਹਿਮਾਚਲ ਪ੍ਰਦੇਸ਼ ਪੁਲੀਸ ਵੱਲੋਂ ਚੱਲ ਰਹੀ ਜਾਂਚ ਵਿੱਚ ਕੋਈ ਰੋਕ ਨਹੀਂ ਲਗਾਈ ਜਾਵੇਗੀ। ਜਸਟਿਸ ਯੂਯੂ ਲਲਿਤ, ਜਸਟਿਸ ਐੱਮਐੱਮ ਸ਼ਾਂਤਨਾਗੌਡਰ ਅਤੇ ਜਸਟਿਸ ਵਿਨੀਤ ਸਰਨ ਦੇ ਬੈਂਚ ਨੇ ਦੇਸ਼ ਧ੍ਰੋਹ ਦੇ ਕੇਸ ਨੂੰ ਰੱਦ ਕਰਨ ਦੀ ਸ੍ਰੀ ਦੂਆ ਦੀ ਪਟੀਸ਼ਨ ’ਤੇ ਕੇਂਦਰ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਨੋਟਿਸ ਭੇਜੇ ਅਤੇ ਉਨ੍ਹਾਂ ਨੂੰ ਦੋ ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ।