ਨਵੀਂ ਦਿੱਲੀ, 14 ਜੂਨ
ਸੁਪਰੀਮ ਕੋਰਟ ਨੇ ਪੱਤਰਕਾਰ ਵਿਨੋਦ ਦੂਆ ਨੂੰ ਰਾਹਤ ਦਿੰਦਿਆਂ ਐਤਵਾਰ ਨੂੰ ਵਿਸ਼ੇਸ਼ ਸੁਣਵਾਈ ਦੌਰਾਨ ਆਦੇਸ਼ ਦਿੱਤਾ ਕਿ ਸ੍ਰੀ ਦੂਆ ਨੂੰ ਉਨ੍ਹਾਂ ਦੇ ਯੂਟਿਊਬ ਸ਼ੋਅ ਸਬੰਧੀ ਹਿਮਾਚਲ ਪ੍ਰਦੇਸ਼ ਵਿੱਚ ਦਰਜ ਦੇਸ਼ਧ੍ਰੋਹ ਦੇ ਕੇਸ ਵਿੱਚ 6 ਜੁਲਾਈ ਤੱਕ ਗ੍ਰਿਫ਼ਤਾਰ ਨਾ ਕੀਤਾ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਸ੍ਰੀ ਦੂਆ ਨੂੰ ਜਾਂਚ ਵਿਚ ਸ਼ਾਮਲ ਹੋਣਾ ਪਏਗਾ ਅਤੇ ਹਿਮਾਚਲ ਪ੍ਰਦੇਸ਼ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਕੋਈ ਰੋਕ ਨਹੀਂ ਲਗਾਈ ਜਾਵੇਗੀ। ਜਸਟਿਸ ਯੂ.ਯੂ. ਲਲਿਤ, ਜਸਟਿਸ ਐੱਮ.ਐੱਮ. ਸ਼ਾਂਤਨਾਗੌਡਰ ਅਤੇ ਜਸਟਿਸ ਵਿਨੀਤ ਸਰਨ ਦੇ ਬੈਂਚ ਨੇ ਦੇਸ਼ਧ੍ਰੋਹ ਦੇ ਕੇਸ ਨੂੰ ਰੱਦ ਕਰਨ ਦੀ ਸ੍ਰੀ ਦੂਆ ਦੀ ਪਟੀਸ਼ਨ ’ਤੇ ਕੇਂਦਰ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਦੋ ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ ਹੈ। ਸ੍ਰੀ ਦੂਆ ਵੱਲੋਂ ਪੇਸ਼ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਐੱਫਆਈਆਰ ਖਾਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਦੇਸ਼ਧ੍ਰੋਹ ਦਾ ਕੇਸ ਦਰਜ ਕਰਕੇ ਇਕ ਪੱਤਰਕਾਰ ਵਜੋਂ ਦੂਆ ਦੇ ਬੋਲਣ ਤੇ ਆਪਣੇ ਵਿਚਾਰ ਰੱਖਣ ਦੇ ਅਧਿਕਾਰ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਸਿੰਘ ਨੇ ਕਿਹਾ ਕਿ ਜੇਕਰ ਅਜਿਹੇ ਦੋਸ਼ ਵਿਅਕਤੀ ਵਿਸ਼ੇਸ਼ ਖ਼ਿਲਾਫ਼ ਦਰਜ ਕੀਤੇ ਜਾਣ ਲੱਗੇ ਤਾਂ ਕਈਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕਰਨਾ ਪਏਗਾ। ਸਿੰਘ ਨੇ ਕਿਹਾ ਕਿ ਪਟੀਸ਼ਨਰ ਕੋਰਟ ਨੂੰ ਸਬੰਧਤ ਵੀਡੀਓ ਕਲਿਪ ਵਿਖਾਉਣਾ ਚਾਹੁੰਦਾ ਹੈ। ਇਸ ’ਤੇ ਬੈਂਚ ਨੇ ਦੂਆ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਦਿੰਦਿਆਂ ਕਿਹਾ ਕਿ ਉਹ ਇਸ ਮੁੱਦੇ ਦੇ ਵਿਸਥਾਰ ’ਚ ਨਹੀਂ ਜਾਣਾ ਚਾਹੁੰਦੀ ਤੇ ਪੱਤਰਕਾਰ ਖ਼ਿਲਾਫ਼ ਜਾਂਚ ਜਾਰੀ ਰਹੇਗੀ। -ਪੀਟੀਆਈ