ਨਵੀਂ ਦਿੱਲੀ, 12 ਜੁਲਾਈ
ਸੁਪਰੀਮ ਕੋਰਟ ਨੇ ਅੱਜ ਇਕ ਪਟੀਸ਼ਨਕਰਤਾ ਨੂੰ ਕਿਹਾ ਕਿ ਉਹ ਨਵੇਂ ਆਈਟੀ ਨੇਮਾਂ ਦਾ ਅਧਿਐਨ ਕਰੇ ਤੇ ਅਦਾਲਤ ਅਗਲੇ ਹਫ਼ਤੇ ਉਸ ਦੀ ‘ਇਸਲਾਮ ਖ਼ਿਲਾਫ਼ ਨਫ਼ਰਤ ਪੈਦਾ ਕਰਨ ਵਾਲੀਆਂ ਪੋਸਟਾਂ’ ਬਾਰੇ ਪਾਈ ਪਟੀਸ਼ਨ ਉਤੇ ਸੁਣਵਾਈ ਕਰ ਸਕਦੀ ਹੈ। ਤਬਲੀਗੀ ਜਮਾਤ ਇਕੱਠ ਦੇ ਸੰਦਰਭ ਵਿਚ ਪਟੀਸ਼ਨਕਰਤਾ ਨੇ ਟਵਿੱਟਰ ਤੇ ਇਸ ਦੇ ਖ਼ਪਤਕਾਰਾਂ ਖ਼ਿਲਾਫ਼ ਸੀਬੀਆਈ ਜਾਂ ਐਨਆਈਏ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਵਿਡ ਫੈਲਣ ਲਈ ਤਬਲੀਗੀ ਜਮਾਤ ਦੇ ਇਕੱਠ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਤੇ ਕਈ ਪੋਸਟਾਂ ਇਸ ਬਾਰੇ ਸ਼ੇਅਰ ਕੀਤੀਆਂ ਗਈਆਂ ਸਨ। ਸਿਖ਼ਰਲੀ ਅਦਾਲਤ ਦੇ ਬੈਂਚ ਨੇ ਵਕੀਲ ਖ਼ਾਜਾ ਐਜਾਜ਼ੂਦੀਨ ਨੂੰ ਕਿਹਾ ਕਿ ਉਹ ਕੇਂਦਰ ਸਰਕਾਰ ਕੋਲ ਪਟੀਸ਼ਨ ਲੈ ਕੇ ਜਾਵੇ। ਪਟੀਸ਼ਨ ਵਿਚ ਉਸ ਨੇ ਵੀ ਧਾਰਮਿਕ ਤੌਰ ’ਤੇ ਸੋਸ਼ਲ ਮੀਡੀਆ ’ਤੇ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ ਹੈ, ਆਈਟੀ ਐਕਟ ਤਹਿਤ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਹੈ। ਅਦਾਲਤ ਨੇ ਕਿਹਾ ਕਿ ਮਾਮਲਾ ਹਫ਼ਤੇ ਲਈ ਮੁਲਤਵੀ ਕੀਤਾ ਜਾਂਦਾ ਹੈ ਤੇ ਉਦੋਂ ਤੱਕ ਪਟੀਸ਼ਨਕਰਤਾ ਨਵੇਂ ਨਿਯਮ ਪੜ੍ਹ ਲਏ। ਇਸ ਤੋਂ ਪਹਿਲਾਂ ਇਸਲਾਮ ਖ਼ਿਲਾਫ਼ ਨਫ਼ਰਤ ਪੈਦਾ ਕਰਨ ਵਾਲੀਆਂ ਪੋਸਟਾਂ ਬਾਰੇ ਐਜਾਜ਼ੂਦੀਨ ਨੇ ਤਿਲੰਗਾਨਾ ਹਾਈ ਕੋਰਟ ਪਹੁੰਚ ਕੀਤੀ ਸੀ। ਹਾਈ ਕੋਰਟ ਨੇ ਉਸ ਨੂੰ ਸੁਪਰੀਮ ਕੋਰਟ ਜਾਣ ਦੀ ਸਲਾਹ ਦਿੱਤੀ ਸੀ। -ਪੀਟੀਆਈ
ਆਈਟੀ ਰਾਜ ਮੰਤਰੀ ਦਾ ‘ਬਲੂ ਟਿੱਕ’ ਟਵਿੱਟਰ ਨੇ ਹਟਾ ਕੇ ਬਹਾਲ ਕੀਤਾ
ਨਵੀਂ ਦਿੱਲੀ: ਜੂਨੀਅਰ ਇਲੈਕਟ੍ਰੌਨਿਕਸ ਤੇ ਆਈਟੀ ਮੰਤਰੀ ਰਾਜੀਵ ਚੰਦਰਸ਼ੇਖਰ ਅੱਜ ਕੁਝ ਸਮੇਂ ਲਈ ਟਵਿੱਟਰ ਅਕਾਊਂਟ ਉਤੇ ਆਪਣਾ ‘ਬਲੂ ਟਿੱਕ’ ਗੁਆ ਬੈਠੇ। ਦਰਅਸਲ ਉਨ੍ਹਾਂ ਆਪਣਾ ਯੂਜ਼ਰਨੇਮ ਬਦਲ ਲਿਆ ਸੀ। ਕੁਝ ਘੰਟਿਆਂ ਬਾਅਦ ਇਸ ਨੂੰ ਬਹਾਲ ਕਰ ਦਿੱਤਾ ਗਿਆ। ਟਵਿੱਟਰ ਦੀ ਨੀਤੀ ਮੁਤਾਬਕ ਜੇ ਕੋਈ ਬਲੂ ਟਿੱਕ ਖਾਤਾ ਆਪਣਾ ਯੂਜ਼ਰਨੇਮ ਬਦਲਦਾ ਹੈ ਤਾਂ ਆਪਣੇ-ਆਪ ਟਿੱਕ ਹੱਟ ਜਾਂਦਾ ਹੈ। ਚੰਦਰਸ਼ੇਖਰ ਨੇ ਪਿਛਲੇ ਹਫ਼ਤੇ ਹੀ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ।