ਨਵੀਂ ਦਿੱਲੀ: ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਅੱਜ ਹੈਕ ਹੋ ਗਿਆ ਤੇ ਉਸ ’ਤੇ ਅਮਰੀਕੀ ਕੰਪਨੀ ਰਿੱਪਲ ਲੈਬਸ ਵੱਲੋਂ ਬਣਾਈ ਗਈ ਕ੍ਰਿਪਟੋਕਰੰਸੀ ਦੇ ਪ੍ਰਚਾਰ ਵਾਲੀ ਵੀਡੀਓ ਦਿਖਾਈ ਦੇਣ ਲੱਗੀ। ਹਾਲਾਂਕਿ ਵੀਡੀਓ ਨੂੰ ਖੋਲ੍ਹਣ ’ਤੇ ਉਸ ’ਤੇ ਕੁੱਝ ਨਜ਼ਰ ਨਹੀਂ ਆਇਆ। ਵੀਡੀਓ ਦੇ ਥੱਲੇ ਲਿਖਿਆ ਸੀ, ‘ਬ੍ਰਾਡ ਗਰਿੱਲਹਾਊਸ: ਰਿੱਪਲ ਨੇ ਐੱਸਈਸੀ’ਜ਼ ਦੇ ਦੋ ਸੌ ਕਰੋੜ ਦੇ ਜੁਰਮਾਨੇ ਦਾ ਜਵਾਬ ਦਿੱਤਾ! ਐਕਸਆਰਪੀ ਕੀਮਤ ਦੀ ਭਵਿੱਖਬਾਣੀ।’ ਵੈੱਬਸਾਈਟ ’ਤੇ ਪੋਸਟ ਕੀਤੇ ਨੋਟਿਸ ’ਚ ਕਿਹਾ ਗਿਆ ਹੈ, ‘ਸਾਰੇ ਸਬੰਧਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਦੇ ਯੂਟਿਊਬ ਚੈਨਲ ਨੂੰ ਬੰਦ ਕਰ ਦਿੱਤਾ ਗਿਆ ਹੈ। ਸਿਖਰਲੀ ਅਦਾਲਤ ਦੇ ਯੂਟਿਊਬ ਚੈਨਲ ’ਤੇ ਜਲਦੀ ਹੀ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।’ -ਪੀਟੀਆਈ