ਪਟਨਾ, 16 ਅਕਤੂਬਰ
ਬਿਹਾਰ ਦੇ ਸਾਬਕਾ ਮੰਤਰੀ ਬ੍ਰਿਜ ਬਿਹਾਰੀ ਪ੍ਰਸਾਦ ਦੀ ਹੱਤਿਆ ਦੇ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਸਾਬਕਾ ਵਿਧਾਇਕ ਮੁੰਨਾ ਸ਼ੁਕਲਾ ਨੇ ਅੱਜ ਇੱਥੇ ਇੱਥੇ ਸਥਾਨਕ ਅਦਾਲਤ ਅੱਗੇ ਆਤਮ-ਸਮਰਪਣ ਕਰ ਦਿੱਤਾ। ਪਟਨਾ ਦੀਵਾਨੀ ਅਦਾਲਤ ਅੱਗੇ ਆਤਮ-ਸਮਰਪਣ ਕਰਨ ਵਾਲੇ ਸ਼ੁਕਲਾ ਨੂੰ ਉੱਚ ਸੁਰੱਖਿਆ ਵਾਲੀ ਬੇਊਰ ਕੇਂਦਰੀ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਦਿਨ ਸਮੇਂ ਸੁਪਰੀਮ ਕੋਰਟ ਨੇ ਵਿਜੈ ਕੁਮਾਰ ਸ਼ੁਕਲਾ ਉਰਫ਼ ਮੁੰਨਾ ਸ਼ੁਕਲਾ ਦੀ ਆਰਜੇਡੀ ਨੇਤਾ ਬ੍ਰਿਜ ਬਿਹਾਰੀ ਪ੍ਰਸਾਦ ਦੇ ਕਤਲ ਮਾਮਲੇ ’ਚ ਆਤਮ-ਸਮਰਪਣ ਲਈ ਸਮਾਂ ਮੰਗਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਮੁੰਨਾ ਸ਼ੁਕਲਾ ਇੱਕ ਵਾਰ ਆਜ਼ਾਦ ਅਤੇ ਇੱਕ ਵਾਰ ਲੋਕ ਜਨਸ਼ਕਤੀ ਪਾਰਟੀ ਦੇ ਵਿਧਾਇਕ ਰਹੇ ਹਨ। ਅਦਾਲਤ ਕੰਪਲੈਕਸ ’ਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੰਨਾ ਸ਼ੁਕਲਾ ਨੇ ਕਿਹਾ, ‘‘ਮੈਨੂੰ ਨਿਆਂਪਾਲਿਕਾ ਵਿੱਚ ਪੂਰਾ ਭਰੋਸਾ ਹੈ। ਮੇਰੇ ਕੋਲ ਕਈ ਵਿਕਲਪ ਮੌਜੂਦ ਹਨ। ਉਨ੍ਹਾਂ ਵਿਕਲਪਾਂ ਦੀ ਖੋਜ ਕੀਤੀ ਜਾ ਰਹੀ ਹੈ।’’ ਸਿਖਰਲੀ ਅਦਾਲਤ ਨੇ ਬਿਹਾਰ ਦੇ ਸਾਬਕਾ ਮੰਤਰੀ ਬ੍ਰਿਜ ਬਿਹਾਰੀ ਪ੍ਰਸਾਦ ਦੀ 1998 ਵਿੱਚ ਹੋਈ ਹੱਤਿਆ ਦੇ ਮਾਮਲੇ ’ਚ 13 ਅਕਤੂਬਰ ਨੂੰ ਸ਼ੁਕਲਾ ਸਣੇ ਦੋ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਜਸਟਿਸ ਸੰਜੀਵ ਕੁਮਾਰ ਅਤੇ ਜਸਟਿਸ ਆਰ ਮਹਾਦੇਵਨ ਦੇ ਬੈਂਚ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ਦੇ ਪਟਨਾ ਹਾਈ ਕੋਰਟ ਦੇ ਫ਼ੈਸਲੇ ਨੂੰ ਅੰਸ਼ਿਕ ਤੌਰ ’ਤੇ ਰੱਦ ਕਰ ਦਿੱਤਾ ਸੀ ਅਤੇ ਦੋਸ਼ੀਆਂ ਮੰਟੂ ਤਿਵਾੜੀ ਅਤੇ ਸ਼ੁਕਲਾ ਨੂੰ 15 ਦਿਨਾਂ ’ਚ ਆਤਮ-ਸਮਰਪਣ ਕਰਨ ਲਈ ਕਿਹਾ ਸੀ। -ਪੀਟੀਆਈ