ਨਵੀਂ ਦਿੱਲੀ, 10 ਜੁਲਾਈ
ਕੌਮੀ ਆਫ਼ਤਾਂ ਨਾਲ ਨਜਿਠਣ ਸਬੰਧੀ ਬਲ ਨੇ ਯਾਤਰੀ ਕੇਬਲ ਕਾਰ ਤੇ ਰੋਪਵੇਅ ਪ੍ਰਣਾਲੀਆਂ ਵਿੱਚ ਸੰਭਾਵਿਤ ਸੁਰੱਖਿਆ ਖਾਮੀਆਂ ਲੱਭਣ ਲਈ ਦੇਸ਼ਿਵਆਪੀ ਸਰਵੇਖਣ ਸ਼ੁਰੂ ਕੀਤਾ ਹੈ। ਸਰਵੇਖਣ ਨਾਲ ਇੱਕ ਖਾਕਾ ਤਿਆਰ ਕੀਤਾ ਜਾਵੇਗਾ ਜਿਹੜਾ ਕਿਸੇ ਐਮਰਜੈਂਸੀ ਜਾਂ ਹਾਦਸੇ ਸਮੇਂ ਬਚਾਅ ਅਪਰੇਸ਼ਨਾਂ ਵਿੱਚ ਮਦਦਗਾਰ ਹੋਵੇਗਾ। ਸੰਘੀ ਹੰਗਾਮੀ ਬਚਾਅ ਬਲ ਨੇ ਆਪਣੇ ਅਮਲੇ ਨੂੰ ਖਾਸ ਰੋਪਵੇਅ ਬਚਾਅ ਕੌਸ਼ਲਾਂ ’ਚ ਟਰੇਂਡ ਕਰਨ ਤੋਂ ਇਲਾਵਾ ਪੁਲੀਆਂ ਤੇ ਕਾਰਬਾਈਨਰਾਂ ਸਣੇ ਹੋਰ ਸਾਜ਼ੋ-ਸਾਮਾਨ ਖਰੀਦਣ ਦਾ ਵੀ ਫ਼ੈਸਲਾ ਕੀਤਾ ਹੈ ਤਾਂ ਕਿ ਕੇਬਲ ਕਾਰ ਹਵਾ ਵਿੱਚ ਅਟਕਣ ’ਤੇ ਕਾਰ ਵਿੱਚੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਹ ਕਦਮ ਇਸ ਵਰ੍ਹੇ ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਵਾਪਰੇ ਕੇਬਲ ਕਾਰ ਦੇ ਘੱਟੋ-ਘੱਟ ਤਿੰਨ ਹਾਦਸਿਆਂ ਮਗਰੋਂ ਚੁੱਕਿਆ ਗਿਆ ਹੈ। ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਅਤੁਲ ਕਰਵਲ ਨੇ ਦੱਸਿਆ, ‘‘ਇਸ ਕਦਮ ਦਾ ਮਕਸਦ ਕੇਬਲ ਕਾਰ ਸੰਚਾਲਕਾਂ ਨੂੰ ਸਿਰਫ ਸਾਵਧਾਨੀਆਂ ਵਰਤਣ ਤੇ ਤਿਆਰੀਆਂ ਰੱਖਣ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਹੀ ਨਹੀਂ ਹੈ ਬਲਕਿ ਇਹ ਸਾਨੂੰ ਇੱਕ ਐਕਸ਼ਨ ਪਲਾਨ ਵੀ ਦੇਵੇਗਾ ਜਿਹੜਾ ਰੋਪਵੇਅ ਪ੍ਰਣਾਲੀ ’ਚ ਕਿਸੇ ਐਮਰਜੈਂਸੀ ਦੌਰਾਨ ਵਰਤਿਆ ਜਾ ਸਕੇਗਾ।’’ ਉਨ੍ਹਾਂ ਦੱਸਿਆ ਕਿ ਐੱਨਡੀਆਰਐੱਫ ਦੀਆਂ ਸਾਰੀਆਂ 16 ਬਟਾਲੀਅਨਾਂ ਵਿੱਚੋਂ ਚੁਣੇ ਅਧਿਕਾਰੀਆਂ ਦੀ ਸਪੈਸ਼ਲ ਟੀਮ ਨੂੰ ਰੋਪਵੇਅ ਪ੍ਰਣਾਲੀਆਂ ਦਾ ਸੁਰੱਖਿਆ ਤੇ ਸੰਚਾਲਨ ਸਬੰਧੀ ਮੁਲਾਂਕਣ ਕਰਕੇ ਰਿਪੋਰਟ ਦਾਖਲ ਕਰਨ ਲਈ ਆਖਿਆ ਗਿਆ ਹੈ। ਫਾਈਨਲ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਜਾਵੇਗੀ। -ਪੀਟੀਆਈ