ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 5 ਅਗਸਤ
ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੇਂਦਰ ਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਗੈਰਕੁਦਰਤੀ ਮੌਤ ਦੀ ਸੀਬੀਆਈ ਜਾਂਚ ਦੀ ਬਿਹਾਰ ਸਰਕਾਰ ਵੱਲੋਂ ਕੀਤੀ ਸਿਫਾਰਸ਼ ਨੂੰ ਸਿਧਾਂਤਕ ਰੂਪ ਵਿੱਚ ਸਵੀਕਾਰ ਕਰ ਲਿਆ ਹੈ।
ਅਦਾਕਾਰਾ ਰੀਆ ਚੱਕਰਵਰਤੀ ਵੱਲੋਂ ਉਸ ਵਿਰੁੱਧ ਬਿਹਾਰ ਵਿੱਚ ਦਰਜ ਕੇਸ ਨੂੰ ਮੁੰਬਈ ਤਬਦੀਲ ਕਰਨ ਦੀ ਮੰਗ ਕਰਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਸ੍ਰੀ ਮਹਿਤਾ ਨੇ ਜਸਟਿਸ ਰਿਸ਼ੀਕੇਸ਼ ਰਾਏ ਦੇ ਇਕ ਮੈਂਬਰੀ ਬੈਂਚ ਨੂੰ ਕਿਹਾ, ‘‘ਇਹ ਮਾਮਲਾ ਹੁਣ ਜਨਤਕ ਹੈ।’ ਮਹਿਤਾ ਨੇ ਕਿਹਾ, “ਸੀਬੀਆਈ ਜਾਂਚ ਦੀ ਜ਼ਿੰਮੇਵਾਰੀ ਲੈਣ ਤੱਕ ਮੁੰਬਈ ਪੁਲੀਸ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਬੂਤਾਂ ਨੂੰ ਨੁਕਸਾਨ ਪੁੱਜੇ।” ਮਹਿਤਾ ਨੇ ਕਿਹਾ, “ਜੇ ਇਜਾਜ਼ਤ ਦਿੱਤੀ ਗਈ ਤਾਂ ਸਰਕਾਰ ਸੀਬੀਆਈ ਜਾਂਚ ਲਈ ਅੱਜ ਨੋਟੀਫਿਕੇਸ਼ਨ ਜਾਰੀ ਕਰ ਦੇਵੇਗੀ।”
ਮੁੰਬਈ ਪੁਲੀਸ ਨੇ ਅਦਾਲਤ ਨੂੰ ਕਿਹਾ ਕਿ ਉਹ ਪੂਰੇ ਪੇਸ਼ੇਵਰ ਢੰਗ ਨਾਲ ਜਾਂਚ ਕਰ ਰਹੀ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਹਫਤੇ ਲਈ ਮੁਲਤਵੀ ਕਰ ਦਿੱਤੀ। ਉਸ ਨੇ ਸਾਰੀਆਂ ਧਿਰਾਂ ਨੂੰ ਤਿੰਨ ਦਿਨਾਂ ਵਿਚ ਆਪਣੇ ਜਵਾਬ ਦਾਖਲ ਕਰਨ ਲਈ ਕਿਹਾ।ਸੁਣਵਾਈ ਦੌਰਾਨ ਬੈਂਚ ਨੇ ਕਿਹਾ, “ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ। ਇੱਕ ਹੋਣਹਾਰ ਅਤੇ ਪ੍ਰਤਿਭਾਵਾਨ ਕਲਾਕਾਰ ਅਜਿਹੀਆਂ ਸਥਿਤੀਆਂ ਵਿੱਚ ਚਲਾਣਾ ਕਰ ਗਿਆ ਹੈ ਜੋ ਕਿ ਅਸਾਧਾਰਣ ਹੈ। ਹੁਣ ਜਿਨ੍ਹਾਂ ਹਾਲਤਾਂ ਵਿੱਚ ਇਹ ਮੌਤ ਹੋਈ ਹੈ, ਉਨ੍ਹਾਂ ਦੀ ਪੜਤਾਲ ਕਰਨ ਦੀ ਲੋੜ ਹੈ।”
ਚੋਟੀ ਦੀ ਅਦਾਲਤ ਨੇ ਬਿਹਾਰ ਦੇ ਇਕ ਸੀਨੀਅਰ ਅਧਿਕਾਰੀ ਨੂੰ ਵੱਖ ਕਰਨ ਲਈ ਮੁੰਬਈ ਪੁਲਿਸ ਦੀ ਖਿਚਾਈ ਕੀਤੀ।