ਮੁੰਬਈ, 28 ਅਗਸਤ
ਅਭਿਨੇਤਰੀ ਰੀਆ ਚੱਕਰਵਰਤੀ ਸ਼ੁੱਕਰਵਾਰ ਸਵੇਰੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਖ਼ੁਦਕੁਸ਼ੀ ਕਰਨ ਲਈ ਉਕਸਾਉਣ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਪੁੱਛ-ਪੜਤਾਲ ਲਈ ਡੀਆਰਡੀਓ ਗੈਸਟ ਹਾਊਸ ਪੁੱਜ ਗਈ। ਇਹ ਪਹਿਲਾ ਮੌਕਾ ਹੈ ਜਦੋਂ ਅਭਿਨੇਤਾ ਦੀ ਮੌਤ ਵਿਚ ਸੀਬੀਆਈ 28 ਸਾਲਾ ਰੀਆ ਚੱਕਰਵਰਤੀ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਚਕਰਵਰਤੀ ਨੂੰ ਸ਼ੁੱਕਰਵਾਰ ਸਵੇਰੇ 10.30 ਵਜੇ ਏਜੰਸੀ ਨੇ ਤਫ਼ਤੀਸ਼ੀ ਟੀਮ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜਿਆ ਸੀ ਤੇ ਰੀਆ ਸਵੇਰੇ ਦਸ ਵਜੇ ਸੀਬੀਆਈ ਟੀਮ ਕੋਲ ਜਾਣ ਲਈ ਘਰੋਂ ਨਿਕਲ ਗਈ ਸੀ। ਏਜੰਸੀ ਊਸ ਦੇ ਭਰਾ ਸ਼ੌਵਿਕ ਪਾਸੋਂ ਵੀ ਬੀਤੇ ਦਿਨ ਪੁੱਛ-ਪੜਤਾਲ ਕਰ ਚੁੱਕੀ ਹੈ।
ਈਡੀ ਵਲੋਂ ਗੋਆ ਦਾ ਕਾਰੋਬਾਰੀ ਤਲਬ
ਨਵੀਂ ਦਿੱਲੀ/ਮੁੰਬਈ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਮਨੀ-ਲੌਂਡਰਿੰਗ ਮਾਮਲੇ ਸਬੰਧੀ ਗੋਆ ਦੇ ਕਾਰੋਬਾਰੀ ਨੂੰ ਤਲਬ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੋਆ ਵਿੱਚ ਹੋਟਲ ਚਲਾਉਂਦੇ ਕਾਰੋਬਾਰੀ ਗੌਰਵ ਆਰਿਆ ਨੂੰ 31 ਅਗਸਤ ਨੂੰ ਮੁੰਬਈ ਦੇ ਬਲਾਰਡ ਅਸਟੇਟ ਖੇਤਰ ਸਥਿਤ ਈਡੀ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। 2017 ਵਿੱਚ ਸੁਸ਼ਾਂਤ ਅਤੇ ਰੀਆ ਵਲੋਂ ਆਰਿਆ ਦੇ ਮੋਬਾਈਲ ਫੋਨ ’ਤੇ ਭੇਜੇ ਕੁਝ ਸੁਨੇਹੇ ਈਡੀ ਦੇ ਹੱਥ ਲੱਗੇ ਹਨ। ਇਹ ਸੁਨੇਹੇ ਕਥਿਤ ਪਾਬੰਦੀਸ਼ੁਦਾ ਨਸ਼ਿਆਂ ਬਾਰੇ ਚਰਚਾ ਦਾ ਸੰਕੇਤ ਦਿੰਦੇ ਹਨ।
ਪ੍ਰੈੱਸ ਕੌਂਸਲ ਨੇ ਮੀਡੀਆ ਨੂੰ ‘ਬਰਾਬਰ ਮੁਕੱਦਮਾ’ ਨਾ ਚਲਾਊਣ ਲਈ ਆਖਿਆ
ਨਵੀਂ ਦਿੱਲੀ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਮੀਡੀਆ ਵਲੋਂ ਕੀਤੀ ਜਾ ਰਹੀ ਕਵਰੇਜ ਦਾ ਨੋਟਿਸ ਲੈਂਦਿਆਂ ਪ੍ਰੈੱਸ ਕੌਂਸਲ ਆਫ ਇੰਡੀਆ ਨੇ ਅੱਜ ਕਿਹਾ ਕਿ ਜਾਂਚ ਅਧੀਨ ਕੇਸਾਂ ਦੀ ਕਵਰੇਜ ਕਰਨ ਮੌਕੇ ਮੀਡੀਆ ਨੂੰ ਪੱਤਰਕਾਰੀ ਸਬੰਧੀ ਨੈਤਿਕਤਾ ਦੀ ਪਾਲਣਾ ਕਰਨੀ ਚਾਹੀਦੀ ਹੈ। ਪ੍ਰੈੱਸ ਕੌਂਸਲ ਆਫ ਇੰਡੀਆ ਨੇ ਸਲਾਹ ਦਿੱਤੀ ਹੈ ਕਿ ਮੀਡੀਆ ਨੂੰ ਆਪਣੇ ਤੌਰ ’ਤੇ ‘ਬਰਾਬਰ ਮੁਕੱਦਮਾ’ ਨਹੀਂ ਚਲਾਊਣਾ ਚਾਹੀਦਾ।