ਮੁੰਬਈ, 24 ਅਗਸਤ
ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਅਧਿਕਾਰੀਆਂ ਵੱਲੋਂ ਅੱਜ ਮੁੰਬਈ ਦੇ ਇੱਕ ਰਿਜ਼ੌਰਟ ਦਾ ਦੌਰਾ ਕੀਤਾ ਗਿਆ। ਸੀਬੀਆਈ ਦੀ ਜਾਂਚ ਟੀਮ ਵੱਲੋਂ ਇੱਥੇ ਡੀਆਰਡੀਓ ਗੈਸਟ ਹਾਊਸ, ਜਿੱਥੇ ਜਾਂਚ ਟੀਮ ਠਹਿਰੀ ਹੋਈ ਹੈ, ’ਚ ਸੁਸ਼ਾਂਤ ਦੇ ਦੋਸਤ ਅਤੇ ਰਸੋਈਏ ਤੋਂ ਵੀ ਪੁੱਛਗਿੱਛ ਕੀਤੀ ਗਈ।
ਇੱਕ ਅਧਿਕਾਰੀ ਨੇ ਦੱਸਿਆ ਕਿ ਸੁਸ਼ਾਂਤ ਰਾਜਪੂਤ ਦੇ ਅਕਾਊਂਟੈਂਟ ਰਜਤ ਮੇਵਾਤੀ ਨੂੰ ਵੀ ਅੱਜ ਸ਼ਾਂਤਾਕਰੂਜ ਦੇ ਕਾਲਿਨਾ ’ਚ ਡੀਆਰਡੀਓ ਗੈਸਟ ਹਾਊਸ ਵਿੱਚ ਪੁੱਛਗਿੱਛ ਲਈ ਸੱਦਿਆ ਗਿਆ ਸੀ।
ਅਧਿਕਾਰੀ ਮੁਤਾਬਕ ਸੀਬੀਆਈ ਟੀਮ ਅੱਜ ਮੁੰਬਈ ਦੇ ਇਲਾਕੇ ਅੰਧੇਰੀ ਵਿੱਚ ਵਾਟਰਸਟੋਨ ਰਿਜ਼ੌਰਟ, ਜਿੱਥੇ ਸੁਸ਼ਾਂਤ ਨੇ ਲੱਗਪਗ ਦੋ ਮਹੀਨੇ ਰਿਹਾ ਸੀ, ਪੁਹੰਚੀ ਅਤੇ ਉਸਦੀ ਮੌਤ ਦੇ ਸਬੰਧ ’ਚ ਰਿਜ਼ੌਰਟ ਦੇ ਸਟਾਫ਼ ਤੋਂ ਪੁੱਛਗਿੱਛ ਕੀਤੀ। ਜਾਂਚ ਟੀਮ ਐਤਵਾਰ ਨੂੰ ਵੀ ਰਿਜ਼ੌਰਟ ’ਚ ਗਈ ਸੀ ਪਰ ਉੱਥੇ ਸਟਾਫ਼ ਹਾਜ਼ਰ ਨਾ ਹੋਣ ਕਾਰਨ ਪਰਤ ਆਈ।
ਉਨ੍ਹਾਂ ਦੱਸਿਆ ਕਿ ਸੁਸ਼ਾਂਤ ਦੇ ਅਕਾਊਂਟੈਂਟ ਰਜਤ ਮੇਵਾਤੀ, ਫਲੈਟ ’ਚ ਰਹਿੰਦੇ ਸਾਥੀ ਸਿਧਾਰਥ ਪਿਠਾਨੀ ਅਤੇ ਰਸੋਈਏ ਨੀਰਜ ਸਿੰਘ ਤੋਂ ਡੀਆਰਡੀਓ ਗੈਸਟ ਹਾਊਸ ਵਿੱਚ ਪੁੱਛਗਿੱਛ ਕੀਤੀ ਗਈ। ਸੀਬੀਆਈ ਨੇ ਸੁਸ਼ਾਂਤ ਰਾਜਪੂਤ ਦੀ ਘਰ ਕੰਮ ਕਰਦੇ ਦੀਪੇਸ਼ ਸਾਵੰਤ ਸਣੇ ਉਕਤ ਤਿੰਨਾਂ ਤੋਂ ਸ਼ਨਿਚਰਵਾਰ ਤੇ ਐਤਵਾਰ ਨੂੰ ਵੀ ਪੁੱਛਗਿੱਛ ਕੀਤੀ ਸੀ।
ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਦੀ ਟੀਮ ਪਿਠਾਨੀ, ਨੀਰਜ ਅਤੇ ਸਾਵੰਤ ਨੂੰ ਐਤਵਾਰ ਸੁਸ਼ਾਂਤ ਦੀ ਰਿਹਾਇਸ਼ ’ਤੇ ਵੀ ਲੈ ਗਈ। ਟੀਮ ਉਨ੍ਹਾਂ ਨਾਲ ਲੱਗਪਗ ਤਿੰਨ ਘੰਟੇ ਉੱਥੇ ਰਹੀ ਅਤੇ ਫਿਰ ਪੁੱਛਗਿੱਛ ਲਈ ਤਿੰਨਾਂ ਨੂੰ ਸ਼ਾਮ ਸਮੇਂ ਡੀਆਰਡੀਓ ਗੈਸਟ ਹਾਊਸ ਵਾਪਸ ਲਿਆਂਦਾ ਗਿਆ। ਉਨ੍ਹਾਂ ਮੁਤਾਬਕ ਸੁਸ਼ਾਂਤ ਦੀ ਰਿਹਾਇਸ਼ ’ਤੇ ਜਾਣ ਮੌਕੇ ਫੋਰੈਂਸਿਕ ਮਾਹਿਰ ਵੀ ਸੀਬੀਆਈ ਟੀਮ ਦੇ ਨਾਲ ਸਨ।
ਜ਼ਿਕਰਯੋਗ ਹੈ ਕਿ ਸੀਬੀਆਈ ਟੀਮ ਸ਼ਨਿਚਰਵਾਰ ਵੀ ਪਿਠਾਨੀ, ਨੀਰਜ ਅਤੇ ਸਾਵੰਤ ਨੂੰ ਲੈ ਕੇ ਮਰਹੂੁਮ ਸੁਸ਼ਾਂਤ ਰਾਜਪੂਤ ਦੀ ਰਿਹਾਇਸ਼, ਜਿੱਥੇ ਉਸਨੇ ਕਥਿਤ ਖ਼ੁਦਕੁਸ਼ੀ ਕੀਤੀ, ’ਤੇ ਲੈ ਕੇ ਗਈ ਸੀ ਅਤੇ ਘਟਨਾਕ੍ਰਮ ਨੂੰ ਦੁਹਰਾ ਕੇ ਦੇਖਿਆ। ਸ਼ੁੱਕਰਵਾਰ ਨੂੰ ਸੀਬੀਆਈ ਅਧਿਕਾਰੀਆਂ ਨੇ ਸਿਧਾਰਥ ਪਿਠਾਨੀ ਤੇ ਨੀਰਜ ਸਿੰਘ ਦੇ ਬਿਆਨ ਦੇ ਦਰਜ ਕੀਤੇ ਸਨ। -ਪੀਟੀਆਈ