ਨਵੀਂ ਦਿੱਲੀ, 22 ਜੁਲਾਈ
ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਛਤਰਪਾਲ ਸਟੇਡੀਆ ਵਿਚ ਹੋਏ ਝਗੜੇ ਦੇ ਸਬੰਧ ’ਚ ਤਿਹਾੜ ਜੇਲ੍ਹ ਵਿਚ ਬੰਦ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਨੂੰ 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਅੱਜ ਉਸ ਦੇ ਆਪਣੇ ਵਾਰਡ ਦੇ ਸਾਂਝੇ ਖੇਤਰ ਵਿਚ ਟੈਲੀਵਿਜ਼ਨ ਦੇਖਣ ਦੀ ਇਜਾਜ਼ਤ ਦੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਨੇ 2 ਜੁਲਾਈ ਨੂੰ ਆਪਣੇ ਵਕੀਲ ਰਾਹੀਂ ਜੇਲ੍ਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਕਿ ਕੁਸ਼ਤੀ ਦੇ ਮੈਚਾਂ ਅਤੇ ਜੇਲ੍ਹ ਤੋਂ ਬਾਹਰ ਦੀਆਂ ਹੋਰ ਗਤੀਵਿਧੀਆਂ ਸਬੰਧੀ ਆਪਣੇ ਆਪ ਨੂੰ ਅਪਡੇਟ ਰੱਖਣ ਲਈ ਉਸ ਨੂੰ ਇਕ ਟੈਲੀਵਿਜ਼ਨ ਮੁਹੱਈਆ ਕਰਵਾਇਆ ਜਾਵੇ। ਕੋਵਿਡ ਪ੍ਰਭਾਵਿਤ ਓਲੰਪਿਕ ਖੇਡਾਂ ਭਲਕੇ 23 ਜੁਲਾਈ ਤੋਂ ਜਾਪਾਨ ਦੇ ਟੋਕੀਓ ਵਿਚ ਸ਼ੁਰੂ ਹੋਣਗੀਆਂ। ਡਾਇਰੈਕਟਰ ਜਨਰਲ (ਦਿੱਲੀ ਜੇਲ੍ਹਾਂ) ਸੰਦੀਪ ਗੋਇਲ ਨੇ ਕਿਹਾ, ‘‘ਅਸੀਂ ਸੁਸ਼ੀਲ ਕੁਮਾਰ ਨੂੰ ਉਸ ਦੇ ਵਾਰਡ ਦੇ ਸਾਂਝੇ ਖੇਤਰ ਵਿਚ ਹੋਰਾਂ ਦੇ ਨਾਲ ਟੈਲੀਵਿਜ਼ਨ ਦੇਖਣ ਦੀ ਇਜਾਜ਼ਤ ਦੇ ਦਿੱਤੀ ਹੈ ਕਿਉਂਕਿ ਭਲਕ ਤੋਂ ਓਲੰਪਿਕ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। -ਪੀਟੀਆਈ