ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ ’ਤੇ ਪਿਛਲੇ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਲਗਾਤਾਰ ਧਰਨਾ ਦੇ ਰਹੇ ਕਿਸਾਨਾਂ ਦੇ ਦੋ ਟੈਂਟ ਅਤੇ ਇੱਕ ਕਾਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੱਜ ਦਿਨ ਵੇਲੇ ਸਾੜ ਦਿੱਤੀ ਗਈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਗ ਲਾਉਣ ਦੀ ਇਸ ਘਟਨਾ ਦੀ ਕੁੰਡਲੀ ਪੁਲੀਸ ਸਟੇਸ਼ਨ (ਸੋਨੀਪਤ) ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਟੈਂਟ ਸਾੜੇ ਜਾਣ ਮਗਰੋਂ ਕਿਸਾਨਾਂ ਵਿੱਚ ਰੋਸ ਹੈ ਅਤੇ ਉਨ੍ਹਾਂ ਅੱਗੇ ਚੌਕਸ ਰਹਿਣ ਦਾ ਅਹਿਦ ਲਿਆ ਹੈ। ਰਸੋਈ ਢਾਬੇ ਨੇੜੇ ਲੱਗੀ ਇਸ ਅੱਗ ਬਾਰੇ ਕਿਸਾਨ ਚੇਤਨਾ ਅਭਿਆਨ ਦੇ ਪ੍ਰੋ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਕਰਨਪੁਰਾ ਦੇ ਕਿਸਾਨ ਗੁਰਜੰਟ ਸਿੰਘ ਅਤੇ ਹਰਿਆਣਾ ਦੇ ਕਿਸਾਨ ਦੇ ਟੈਂਟ ਅੱਗ ’ਚ ਸੜ ਗਏ। ਉਨ੍ਹਾਂ ’ਚ ਰੱਖਿਆ ਹੋਇਆ ਸਾਰਾ ਸਾਮਾਨ ਵੀ ਸੁਆਹ ਹੋ ਗਿਆ। ਬਜ਼ੁਰਗ ਕਿਸਾਨਾਂ ਨੂੰ ਛੇਤੀ ਨਾਲ ਅੱਗ ਦੀ ਲਪੇਟ ਵਿੱਚ ਆਏ ਟੈਂਟਾਂ ਵਿੱਚੋਂ ਬਾਹਰ ਕੱਢ ਲਿਆ ਗਿਆ। ਉਨ੍ਹਾਂ ਦੱਸਿਆ ਕਿ ਰਸੋਈ ਢਾਬੇ ਤੋਂ ਕੇਐੱਮਪੀ ਵੱਲ ਨੂੰ ਜਾਂਦੇ ਮਾਰਗ ’ਤੇ ਇਨ੍ਹਾਂ ਟੈਂਟਾਂ ਨੂੰ ਕਥਿਤ ਸਾਜ਼ਿਸ਼ ਤਹਿਤ ਅੱਗ ਲਾਈ ਗਈ ਹੈ। ਪਾਥੀ ਮਘਾ ਕੇ ਅਤੇ ਫੈਕਟਰੀ ਦੇ ਪਿਛਲੇ ਪਾਸੇ ਵੀ ਘਾਹ-ਫੂਸ ਨੂੰ ਅੱਗ ਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਪਤਾ ਲੱੱਗਦੇ ਹੀ ਕਿਸਾਨਾਂ ਨੇ ਨੇੜੇ ਖੜ੍ਹੀਆਂ ਗੱਡੀਆਂ ਹਟਾਈਆਂ। ਦੁਪਹਿਰ ਕਰੀਬ 12 ਵਜੇ ਅੱਗ ਲੱਗੀ। ਕੁਝ ਕਿਸਾਨਾਂ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਟੈਂਟਾਂ ਨੇੜੇ ਦੇਖਿਆ ਗਿਆ ਜੋ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਵੇਂ ਹੀ ਅੱਗ ਲੱਗੀ ਤਾਂ ਕਿਸਾਨਾਂ ਨੇ ਉਸ ਨੂੰ ਪਾਣੀ ਪਾ ਕੇ ਬੁਝਾਉਣਾ ਸ਼ੁਰੂ ਕਰ ਦਿੱਤਾ। ਇੰਨੇ ਵਿੱਚ ਅਣਪਛਾਤੇ ਵਿਅਕਤੀ ਨੇ ਦੂਜੇ ਟੈਂਟ ਨੂੰ ਵੀ ਅੱਗ ਲਾ ਦਿੱਤੀ ਅਤੇ ਭੱਜ ਨਿਕਲਿਆ। ਕੁੰਡਲੀ ਥਾਣੇ ਦੇ ਅਧਿਕਾਰੀ ਨੇ ਕਿਹਾ ਕਿ ਕਿਸਾਨਾਂ ਮੁਤਾਬਕ ਇਕ ਵਿਅਕਤੀ ਬੀਆਰਟੀਐੱਸ ਤਰਫ਼ੋਂ ਆਇਆ ਅਤੇ ਉਸ ਨੇ ਦੋ ਟੈਂਟਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਕਿਹਾ ਕਿ ਅੱਗ ਉਪਰ ਘੰਟੇ ਦੇ ਅੰਦਰ ਕਾਬੂ ਪਾ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਡਰ ਦਾ ਮਾਹੌਲ ਪੈਦਾ ਕਰਨ ਲਈ ਕੀਤੀਆਂ ਜਾ ਰਹੀਆਂ ਹਨ।