ਨਵੀਂ ਦਿੱਲੀ, 18 ਅਕਤੂਬਰ
ਵਿਸ਼ੇਸ਼ ਅਦਾਲਤ ਨੇ ਭਾਜਪਾ ਆਗੂ ਸਈਦ ਸ਼ਾਹਨਵਾਜ਼ ਹੁਸੈਨ ਖ਼ਿਲਾਫ਼ ਜਬਰ ਜਨਾਹ ਮਾਮਲੇ ’ਚ ਜਾਰੀ ਸੰਮਨ ’ਤੇ ਰੋਕ ਲਗਾ ਦਿੱਤੀ ਹੈ। ਔਰਤ ਦੀ ਸ਼ਿਕਾਇਤ ‘ਤੇ ਬਲਾਤਕਾਰ ਅਤੇ ਧਮਕਾਉਣ ਦਾ ਦੋਸ਼ ਹੈ। ਵਿਸ਼ੇਸ਼ ਜੱਜ ਐਮ ਕੇ ਨਾਗਪਾਲ ਨੇ ਇਹ ਹੁਕਮ ਹੁਸੈਨ ਵੱਲੋਂ ਮੈਜਿਸਟਰੇਟੀ ਅਦਾਲਤ ਦੇ ਹੁਕਮਾਂ ਖ਼ਿਲਾਫ਼ ਦਾਇਰ ਨਜ਼ਰਸਾਨੀ ਪਟੀਸ਼ਨ ’ਤੇ ਦਿੱਤਾ ਜਿਸ ਨੇ ਉਸ ਨੂੰ 20 ਅਕਤੂਬਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। 17 ਅਕਤੂਬਰ ਨੂੰ ਦਿੱਤੇ ਹੁਕਮਾਂ ਵਿੱਚ ਜੱਜ ਨੇ ਸ਼ਿਕਾਇਤਕਰਤਾ ਨੂੰ ਨੋਟਿਸ ਵੀ ਜਾਰੀ ਕੀਤਾ ਸੀ। ਪਟੀਸ਼ਨ ‘ਤੇ 8 ਨਵੰਬਰ ਤੱਕ ਉਸ ਦਾ ਜਵਾਬ ਮੰਗਿਆ ਹੈ। ਪਟੀਸ਼ਨਕਰਤਾ ਵੱਲੋਂ ਪੇਸ਼ ਵਕੀਲ ਵੱਲੋਂ ਕੀਤੀਆਂ ਜਾ ਰਹੀਆਂ ਦਲੀਲਾਂ ਦੇ ਮੱਦੇਨਜ਼ਰ ਅਦਾਲਤ ਨੇ ਇਹ ਨਿਰਦੇਸ਼ ਦਿੱਤਾ ਹੈ ਕਿ ਉਦੋਂ ਤਕ ਕਾਰਵਾਈ ਅਤੇ ਕੇਸ ਦੀ ਅਗਲੀ ਕਾਰਵਾਈ ‘ਤੇ ਰੋਕ ਰਹੇਗੀ। -ਪੀਟੀਆਈ