ਨਵੀਂ ਦਿੱਲੀ, 28 ਅਕਤੂਬਰ
ਸਵਦੇਸ਼ੀ ਜਾਗਰਣ ਮੰਚ(ਐੱਸਜੇਐੱਮ) ਨੇ ਜੈਨੇਟਿਕਲੀ ਸੋਧੀ (ਜੀਐੱਮ) ਸਰ੍ਹੋਂ ਦਾ ਬੀਜ ਤਿਆਰ ਕਰਨ ਤੇ ਇਸ ਦੀ ਬੀਜਾਈ ਨਾਲ ਜੁੜੇ ਪ੍ਰੀਖਣ ਦੀ ਖੁੱਲ੍ਹ ਦੇਣ ਦਾ ਵਿਰੋਧ ਕੀਤਾ ਹੈ। ਮੰਚ ਨੇ ਜੈਨੇਟਿਕ ਇੰਜਨੀਅਰਿੰਗ ਅਪਰੇਜ਼ਲ ਕਮੇਟੀ ’ਤੇ ‘ਗ਼ੈਰਜ਼ਿੰਮੇਵਾਰ ਢੰਗ’ ਨਾਲ ਕੰਮ ਕਰਨ ਦਾ ਦੋਸ਼ ਵੀ ਲਾਇਆ। ਮੰਚ ਨੇ ਕਿਹਾ ਕਿ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਦੀ ਜੈਨੇਟਿਕ ਇੰਜਨੀਅਰਿੰਗ ਨਾਲ ਜੁੜੀ ਕਮੇਟੀ ਵੱਲੋਂ ਜੀਐੱਮ ਸਰ੍ਹੋਂ ਦੀ ਵਪਾਰਕ ਖੇਤੀ ਦੀ ਦਿੱਤੀ ਪ੍ਰਵਾਨਗੀ ਖ਼ਤਰਨਾਕ ਹੈ। ਮੰਚ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੀਐੱਮ ਫ਼ਸਲ ਦੇ ਬੀਜ ਨੂੰ ‘ਨਾ ਹੁਣ ਤੇ ਨਾ ਹੀ ਅੱਗੇ ਕਦੇ’ ਬੀਜਣ ਦੀ ਪ੍ਰਵਾਨਗੀ ਦਿੱਤੀ ਜਾਵੇ। ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨਾਲ ਸਬੰਧਿਤ ਮੰਚ ਨੇ ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੂੰ ਲਿਖੇ ਪੱਤਰ ਵਿੱਚ ਜੈਨੇਟਿਕ ਇੰਜਨੀਅਰਿੰਗ ਅਪਰੇਜ਼ਨ ਕਮੇਟੀ (ਜੀਏਈਸੀ) ਉੱਤੇ ‘ਗ਼ੈਰਜ਼ਿੰਮੇਵਾਰ ਢੰਗ’ ਨਾਲ ਕੰਮ ਕਰਨ ਦਾ ਦੋਸ਼ ਲਾਇਆ। ਐੱਸਜੇਐੱਮ ਨੇ ਕਿਹਾ ਕਿ ਜੀਐੱਮ ਸਰ੍ਹੋਂ ਦੀ ਹਮਾਇਤ ਵਿੱਚ ਕੀਤੇ ਦਾਅਵੇ ‘ਪੂਰੀ ਤਰ੍ਹਾਂ ਝੂਠੇ, ਸੱਚਾਈ ਤੋਂ ਪਰ੍ਹੇ ਤੇ ਗ਼ਲਤ ਤਰੀਕੇ ਨਾਲ ਪੇਸ਼’ ਕੀਤੇ ਗਏ ਹਨ। ਮੰਚ ਦੇ ਸਹਿ-ਕਨਵੀਨਰ ਅਸ਼ਵਨੀ ਮਹਾਜਨ ਨੇ ਪੱਤਰ ਵਿੱਚ ਕਿਹਾ, ‘‘ਸਵਦੇਸ਼ੀ ਜਾਗਰਣ ਮੰਚ ਇਸ ਖ਼ਤਰਨਾਕ ਤੇ ਬੇਲੋੜੀ ਜੀਐੱਮ ਸਰ੍ਹੋਂ, ਜਿਸ ਨੂੰ ਪਿਛਲੇ ਦਰਵਾਜ਼ਿਓਂ ਪਬਲਿਕ ਸੈਕਟਰ (ਜੈਨੇਟਿਕਲੀ ਸੋਧੇ ਓਰਗੈਨਿਜ਼ਮ) ਵਜੋਂ ਲਿਆਂਦਾ ਗਿਆ ਹੈ, ਦਾ ਲੰਮੇ ਸਮੇਂ ਤੋਂ ਵਿਰੋਧ ਕਰ ਰਿਹਾ ਹੈ।’’ ਮੰਤਰਾਲੇ ਨੇ ਇਸ ਤੋੋੋਂ ਪਹਿਲਾਂ ਸਵਦੇਸ਼ੀ ਜਾਗਰਣ ਮੰਚ ਵੱਲੋਂ ਜ਼ਾਹਿਰ ਕੀਤੇ ਅਹਿਮ ‘ਫ਼ਿਕਰਾਂ’ ਦੇ ਮੱਦੇਨਜ਼ਰ ਜੀਐੱਮ ਸਰ੍ਹੋਂ ਦੀ ਹਮਾਇਤ ਤੇ ਇਸ ਨੂੰ ਅਮਲ ਵਿੱਚ ਲਿਆਉਣ ਲਈ ਕੀਤੀਆਂ ਸਿਫ਼ਾਰਸ਼ਾਂ ਨੂੰ ਠੰਢੇ ਬਸਤੇ ਵਿੱਚ ਰੱਖਦਿਆਂ ਨਜ਼ਰਸਾਨੀ ਲਈ ਕਿਹਾ ਸੀ। ਮਹਾਜਨ ਨੇ ਕਿਹਾ ਕਿ ਜੀਈਏਸੀ ਨੇ ‘ਸ਼ਾਇਦ’ ਅਜਿਹੀ ਕੋਈ ਸਮੀਖਿਆ ਨਹੀਂ ਕੀਤੀ। ਮਹਾਜਨ ਨੇ ਦੋਸ਼ ਲਾਇਆ, ‘‘ਰੈਗੂਲੇਟਰ, ਜੀਐੱਮ ਫ਼ਸਲ ਡਿਵੈਲਪਰਾਂ ਨਾਲ ਹੱਥ ਮਿਲਾ ਰਹੇ ਹਨ ਅਤੇ ਵਾਰ-ਵਾਰ ਰੈਗੂਲੇਟਰੀ ਪ੍ਰਣਾਲੀ ਨਾਲ ਸਮਝੌਤੇ ਕੀਤੇ ਜਾ ਰਹੇ ਹਨ। ਅਤੇ ਉਨ੍ਹਾਂ ਇਸ ਜੀਐਮ ਸਰ੍ਹੋਂ ਨਾਲ ਵੀ ਅਜਿਹਾ ਕੀਤਾ ਹੈ।’’ ਮਹਾਜਨ ਨੇ ਪੱਤਰ ਵਿੱਚ ਅੱਗੇ ਕਿਹਾ, ‘‘ਸਾਨੂੰ ਯਕੀਨ ਹੈ ਕਿ ਇਕ ਵਿਅਕਤੀ ਜਿਸ ਨੇ ਜੀਐੱਮ ਫ਼ਸਲਾਂ ਦੇ ਪੈਣ ਵਾਲੇ ਉਲਟ ਅਸਰ ਬਾਰੇ ਸੁਚੇਤ ਅਧਿਐਨ ਕੀਤਾ ਹੈ ਤੇ ਜਿਸ ਦੇ ਇਸ ਵਿਸ਼ੇ ਬਾਰੇ ਮਜ਼ਮੂਨ ਪ੍ਰਕਾਸ਼ਿਤ ਹੁੰਦੇ ਰਹੇ ਹਨ, ਉਹ ਫੌਰੀ ਇਸ ਮਸਲੇ ਵਿਚ ਦਖ਼ਲ ਦੇਵੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਜੀਐੱਮ ਸਰ੍ਹੋਂ ਦੇ ਬੀਜ ਨੂੰ ‘ਨਾ ਹੁਣ ਤੇ ਨਾ ਅੱਗੇ ਕਦੇ’ ਬੀਜਣ ਦੀ ਪ੍ਰਵਾਨਗੀ ਦਿੱਤੀ ਜਾਵੇ।’’ -ਪੀਟੀਆਈ