ਮੁੰਬਈ, 26 ਸਤੰਬਰ
ਮੁੰਬਈ ਵਿੱਚ 26 ਨਵੰਬਰ 2008 ਨੂੰ ਹੋਏ ਦਹਿਸ਼ਤੀ ਹਮਲਿਆਂ ਦੇ ਮਾਮਲੇ ’ਚ ਪਾਕਿਸਤਾਨੀ ਮੂਲ ਦੇ ਕੈਨੇਡਿਆਈ ਕਾਰੋਬਾਰੀ ਤਹੱਵੁਰ ਰਾਣਾ ਖ਼ਿਲਾਫ਼ ਦਾਇਰ ਸਪਲੀਮੈਂਟਰੀ ਦੋਸ਼ ਪੱਤਰ ’ਚ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਹ ਹਮਲਿਆਂ ਤੋਂ ਪਹਿਲਾਂ 21 ਨਵੰਬਰ ਤੱਕ ਦੋ ਦਿਨ ਲਈ ਪੋਵਈ ਉਪਨਗਰ ਸਥਿਤ ਹੋਟਲ ’ਚ ਠਹਿਰਿਆ ਸੀ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਗ਼ੈਰਕਾਨੂੰਨੀ ਸਰਗਰਮੀਆਂ (ਰੋਕੂ) ਕਾਨੂੰਨ (ਯੂਏਪੀਏ) ਤਹਿਤ ਦਰਜ ਕੇਸਾਂ ਦੀ ਸੁਣਵਾਈ ਕਰ ਰਹੀ ਇੱਕ ਅਦਾਲਤ ਸਾਹਮਣੇ ਸੋਮਵਾਰ ਨੂੰ 400 ਤੋਂ ਵੱਧ ਪੰਨਿਆਂ ਦੀ ਦੋਸ਼ ਪੱਤਰ ਦਾਖਲ ਕੀਤਾ ਗਿਆ, ਜਿਹੜਾ ਇਸ ਕੇਸ ਵਿੱਚ ਚੌਥਾ ਦੋਸ਼ ਪੱਤਰ ਹੈ। ਰਾਣਾ, ਜਿਹੜਾ ਕਿ ਫਿਲਹਾਲ ਅਮਰੀਕਾ ਵਿੱਚ ਹਿਰਾਸਤ ’ਚ ਹੈ, ’ਤੇ ਮੁੰਬਈ ਹਮਲਿਆਂ ’ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਹ 26/11 ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ ਇੱਕ ਪਾਕਿਸਤਾਨੀ-ਅਮਰੀਕੀ ਦਹਿਸ਼ਤਗਰਦ ਡੇਵਿਡ ਕੋਲਮੈਨ ਹੈਡਲੀ ਨਾਲ ਜੁੜਿਆ ਹੋਇਆ ਸੀ। ਦੋੋਸ਼ ਪੱਤਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਤਹੱਵੁਰ ਰਾਣਾ 11 ਨਵੰਬਰ 2008 ਨੂੰ ਭਾਰਤ ਆਇਆ ਸੀ ਅਤੇ 21 ਨਵੰਬਰ ਤੱਕ ਦੇਸ਼ ਵਿੱਚ ਰਿਹਾ। ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਉਸ (ਰਾਣਾ) ਨੇ ਦੋ ਦਿਨ ਪੋਵਈ ਦੇ ਰੈਨੇਸਾ ਹੋਟਲ ਵਿੱਚ ਗੁਜ਼ਾਰੇ। ਉਨ੍ਹਾਂ ਮੁਤਾਬਕ, ‘‘ਸਾਨੂੰ, ਰਾਣਾ ਖ਼ਿਲਾਫ਼ ਦਸਤਵੇਜ਼ੀ ਸਬੂਤ ਤੇ ਕੁਝ ਗਵਾਹੀਆਂ ਮਿਲੀਆਂ ਹਨ ਜਿਨ੍ਹਾਂ ਤੋਂ ਸਾਜ਼ਿਸ਼ ਵਿੱਚ ਉਸ ਦੀ ਭੂਮਿਕਾ ਦਾ ਪਤਾ ਲੱਗਦਾ ਹੈ। ਦਸਤਾਵੇਜ਼ੀ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਰਾਣਾ, ਡੇਵਿਡ ਕੋਲਮੈਨ ਹੈਡਲੀ ਨਾਲ ਸਾਜ਼ਿਸ਼ ਵਿੱਚ ਸਰਗਰਮੀ ਨਾਲ ਸ਼ਾਮਲ ਸੀ।’’ ਉਨ੍ਹਾਂ ਕਿਹਾ ਕਿ ਰਾਣਾ ਨੇ ਕਥਿਤ ਤੌਰ ’ਤੇ 26/11 ਦੇ ਦਹਿਸ਼ਤੀ ਹਮਲਿਆਂ ਨੂੰ ਅੰਜਾਮ ਦੇਣ ਲਈ ਲਸ਼ਕਰ-ਏ-ਤਇਬਾ ਦੀ ਮਦਦ ਕੀਤੀ ਸੀ। ਅਧਿਕਾਰੀ ਨੇ ਕਿਹਾ, ‘‘ਅਪਰਾਧ ਸ਼ਾਖਾ ਨੂੰ ਹੈਡਲੀ ਅਤੇ ਰਾਣਾ ਵਿਚਾਲੇ ਈਮੇਲ ਰਾਹੀਂ ਗੱਲਬਾਤ ਦੇ ਵੇਰਵੇ ਮਿਲੇ ਹਨ। ਇੱਕ ’ਚ ਹੈਡਲੀ ਨੇ ਮੇਜਰ ਇਕਬਾਲ ਦੀ ਈਮੇਲ ਆਈ ਬਾਰੇ ਪੁੱਛਿਆ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਖੁਫ਼ੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਲਈ ਕੰਮ ਕਰਨ ਵਾਲੇ ਮੇਜਰ ਇਕਬਾਲ ਨੂੰ 26/11 ਦਹਿਸ਼ਤੀ ਸਾਜ਼ਿਸ਼ ਮਾਮਲੇ ’ਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।’’ -ਪੀਟੀਆਈ