ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਅਗਸਤ
ਦਿੱਲੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ (‘ਆਪ’) ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਨੇ ਦਿੱਲੀ ਦੰਗਿਆਂ ਵਿੱਚ ਆਪਣੀ ਸ਼ਮੂਲੀਅਤ ਮੰਨੀ ਹੈ। ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਜਾਰੀ ਕਬੂਲਨਾਮੇ ਅਨੁਸਾਰ ਹੁਸੈਨ ਹਿੰਦੂਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਅਤੇ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯਾਤਰਾ ਦੌਰਾਨ ਕੁਝ ਵੱਡਾ ਕਰਨਾ ਚਾਹੁੰਦਾ ਸੀ। ਪੁਲੀਸ ਦਾ ਦਾਅਵਾ ਹੈ ਕਿ ਕੌਂਸਲਰ ਤੋਂ ਪੁੱਛ-ਪੜਤਾਲ ਦੇ ਆਧਾਰ ’ਤੇ ਇਹ ਕਬੂਲਨਾਮਾ ਜਾਰੀ ਕੀਤਾ ਗਿਆ ਹੈ। ਪੁਲੀਸ ਮੁਤਾਬਕ ਇਲਾਕੇ ਵਿੱਚ ਹੁਸੈਨ ਦਾ ਘਰ ਉੱਚਾ ਹੋਣ ਕਰਕੇ ਉਸ ਨੂੰ ਛੱਤ ਉਪਰ ਖਾਲੀ ਬੋਤਲਾਂ ਇਕੱਠੀਆਂ ਕਰ ਕੇ ਰੱਖਣ ਦੀ ਜ਼ਿੰੰਮੇਵਾਰੀ ਦਿੱਤੀ ਗਈ ਸੀ, ਜੋ ਤੇਜ਼ਾਬ ਲਈ ਇਸਤੇਮਾਲ ਹੋਣੀਆਂ ਸਨ। ਕਬੂਲਨਾਮੇ ਵਿੱਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਪ੍ਰਦਰਸ਼ਨਾਂ ਲਈ ਭੀੜ ਇਕੱਠੀ ਕਰਨ ਅਤੇ ਪੈਸੇ ਲਈ ਸੰਸਥਾਵਾਂ ਤੇ ਵਕੀਲਾਂ ਆਦਿ ਤੋਂ ਪੈਸੇ ਦਾ ਪ੍ਰਬੰਧ ਕਰਨ ਦਾ ਵੀ ਜ਼ਿਕਰ ਹੈ। ਪੁਲੀਸ ਅਨੁਸਾਰ ਤਾਹਿਰ ਨੇ 24 ਫਰਵਰੀ 2020 ਨੂੰ ਕਈ ਲੋਕਾਂ ਨੂੰ ਘਰ ਬੁਲਾਇਆ ਅਤੇ ਰਣਨੀਤੀ ਬਣਾਈ। ਉਸ ਨੇ ਆਪਣਾ ਪਰਿਵਾਰ ਕਿਸੇ ਹੋਰ ਥਾਂ ਭੇਜ ਦਿੱਤਾ ਅਤੇ ਕਰੀਬ ਡੇਢ ਵਜੇ ਪੱਥਰਬਾਜ਼ੀ ਸ਼ੁਰੂ ਕੀਤੀ। ਪੁਲੀਸ ਉਸ ਨੂੰ ਦੰਗਿਆਂ ਦਾ ਮਾਸਟਰਮਾਈਂਡ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲੀਸ ਵੱਲੋਂ ਜਾਰੀ ਕਬੂਲਨਾਮੇ ਮੁਤਾਬਕ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ 8 ਜਨਵਰੀ ਨੂੰ ਸ਼ਾਹੀਨ ਬਾਗ਼ ਸਥਿਤ ਪਾਪੂਲਰ ਫਰੰਟ ਆਫ ਇੰਡੀਆ ਦੇ ਦਫ਼ਤਰ ’ਚ ਮਿਲਿਆ ਸੀ।