ਅਜੈ ਬੈਨਰਜੀ
ਨਵੀਂ ਦਿੱਲੀ, 12 ਨਵੰਬਰ
ਅਫ਼ਗ਼ਾਨਿਸਤਾਨ ਦੀ ਤਾਲਿਬਾਨ ਹਕੂਮਤ ਨੇ ਭਾਰਤ ਅਧਾਰਿਤ ਅਫ਼ਗ਼ਾਨ ਨਾਗਰਿਕ ਇਕਰਾਮੂਦੀਨ ਕਾਮਿਲ (Ikramuddin Kamil) ਨੂੰ ਮੁੰਬਈ ਵਿਚ ਆਪਣਾ ਨਵਾਂ ਕਾਰਜਕਾਰੀ ਕੌਂਸੁਲ ਨਿਯੁਕਤ ਕੀਤਾ ਹੈ। ਤਾਲਿਬਾਨ ਨਿਜ਼ਾਮ ਵੱਲੋਂ ਭਾਰਤ ਵਿਚ ਇਹ ਪਲੇਠੀ ਨਿਯੁਕਤੀ ਹੈ। ਭਾਰਤ ਨੇ ਹਾਲਾਂਕਿ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਸੂਤਰਾਂ ਨੇ ਹਾਲਾਂਕਿ ਕਿਹਾ, ‘‘ਨੌਜਵਾਨ ਅਫ਼ਗ਼ਾਨ ਵਿਦਿਆਰਥੀ, ਜਿਸ ਤੋਂ ਵਿਦੇਸ਼ ਮੰਤਰਾਲਾ ਜਾਣੂ ਹੈ, ਨੇ ਅਫ਼ਗ਼ਾਨ ਕੌਂਸੁਲੇਟ ਵਿਚ ਡਿਪਲੋਮੈਟ ਵਜੋਂ ਕੰਮ ਕਰਨ ਦੀ ਸਹਿਮਤੀ ਦਿੱਤੀ ਹੈ।’’ ਭਾਰਤ ਨੇ ਅਗਸਤ 2021 ਵਿਚ ਅਸ਼ਰਫ਼ ਗਨੀ ਸਰਕਾਰ ਡਿੱਗਣ ਮਗਰੋਂ ਅਫ਼ਗ਼ਾਨਿਸਤਾਨ ਦੀ ਵਾਗਡੋਰ ਸੰਭਾਲਣ ਵਾਲੇ ਤਾਲਿਬਾਨ ਨਿਜ਼ਾਮ ਨੂੰ ਅਜੇ ਤੱਕ ਅਧਿਕਾਰਤ ਤੌਰ ’ਤੇ ਮਾਨਤਾ ਨਹੀਂ ਦਿੱਤੀ ਹੈ।
ਕਾਮਿਲ ਪਿਛਲੇ ਸੱਤ ਸਾਲਾਂ ਤੋਂ ਭਾਰਤ ਵਿਚ ਪੜ੍ਹਾਈ ਕਰ ਰਿਹਾ ਹੈ ਤੇ ਉਸ ਨੇ ਐੱਮਈਏ ਤੋਂ ਮਿਲੇ ਵਜ਼ੀਫ਼ੇ ਉੱਤੇ ਸਾਊਥ ਏਸ਼ੀਆ ਯੂਨੀਵਰਸਿਟੀ ਤੋਂ ਆਪਣੀ ਡਾਕਟਰੇਟ ਪੂਰੀ ਕੀਤੀ ਹੈ। ਪਿਛਲੇ ਤਿੰਨ ਸਾਲਾਂ ਤੋਂ ਭਾਰਤ ਵਿਚ ਅਫ਼ਗ਼ਾਨ ਅੰਬੈਸੀ ਤੇ ਕੌਂਸਲਖਾਨਿਆਂ ਦੀ ਨਿਗਰਾਨੀ ਕਰ ਰਹੇ ਅਫ਼ਗ਼ਾਨ ਕੂਟਨੀਤਕਾਂ ਨੇ ਵੱਖ ਵੱਖ ਪੱਛਮੀ ਮੁਲਕਾਂ ਵਿਚ ਸਿਆਸੀ ਸ਼ਰਣ ਮੰਗੀ ਸੀ ਤੇ ਉਹ ਭਾਰਤ ਛੱਡ ਚੁੱਕੇ ਹਨ। ਕਾਮਿਲ ਦੀ ਨਿਯੁਕਤੀ ਅਜਿਹੇ ਮੌਕੇ ਹੋਈ ਹੈ ਜਦੋਂ ਅਜੇ ਪਿਛਲੇ ਦਿਨੀਂ ਸੀਨੀਅਰ ਡਿਪਲੋਮੈਟ ਜੇਪੀ ਸਿੰਘ ਦੀ ਅਗਵਾਈ ਵਾਲੇ ਭਾਰਤੀ ਵਫ਼ਦ ਨੇ ਕਾਬੁਲ ਫੇਰੀ ਦੌਰਾਨ ਤਾਲਿਬਾਨ ਨਿਜ਼ਾਮ ਨਾਲ ਸਬੰਧਾਂ ਉੱਤੇ ਵਿਚਾਰ ਚਰਚਾ ਕੀਤੀ ਸੀ। ਭਾਰਤ ਨੇ ਕਾਬੁਲ ਨੂੰ ਕਾਰੋਬਾਰੀ ਮੰਤਵਾਂ ਲਈ ਇਰਾਨ ਵਿਚਲੀ ਆਪਣੀ ਚਾਬਹਾਰ ਬੰਦਰਗਾਹ ਵਰਤਣ ਦੀ ਪੇਸ਼ਕਸ਼ ਕੀਤੀ ਸੀ।