ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬਿਲਕੀਸ ਬਾਨੋ ਸਮੂਹਿਕ ਜਬਰ ਜਨਾਹ ਕੇਸ ਵਿੱਚ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਲਾਲ ਕਿਲ੍ਹੇ ਦੀ ਫਸੀਲ ਤੋੋਂ ਮਹਿਲਾਵਾਂ ਦੇ ਸਤਿਕਾਰ ਦੀ ਗੱਲ ਹੋ ਰਹੀ ਸੀ, ਪਰ ਦੂਜੇ ਪਾਸੇ (ਅਸਲ ਵਿੱਚ) ਬਲਾਤਕਾਰੀਆਂ ਦੀ ‘ਪਿੱਠ ਥਾਪੜੀ’ ਜਾ ਰਹੀ ਸੀ। ਗਾਂਧੀ ਨੇ ਇਹ ਪ੍ਰਤੀਕਿਰਿਆ ਗੁਜਰਾਤ ਸਰਕਾਰ ਦੇ ਸੁਪਰੀਮ ਕੋਰਟ ਵਿੱਚ ਉਸ ਦਾਅਵੇ ਨੂੰ ਲੈ ਕੇ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਬਿਲਕੀਸ ਬਾਨੋ ਕੇਸ ਦੇ ਦੋਸ਼ੀਆਂ ਦੀ ਰਿਹਾਈ ਲਈ ਉਸ ਕੋਲ ਕੇਂਦਰ ਸਰਕਾਰ ਦੇ ‘ਢੁੱਕਵੇਂ ਹੁਕਮ’ ਸਨ। ਗਾਂਧੀ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਲਾਲ ਕਿਲ੍ਹੇ ਦੀ ਫ਼ਸੀਲ ਤੋਂ ਗੱਲਾਂ ਮਹਿਲਾਵਾਂ ਦੇ ਸਤਿਕਾਰ ਦੀ ਕਰਦੇ ਹਨ, ਪਰ ਅਸਲ ਵਿੱਚ ‘ਬਲਾਤਕਾਰੀਆਂ’ ਦੀ ਪਿੱਠ ਥਾਪੜਦੇ ਹਨ। ਪ੍ਰਧਾਨ ਮੰਤਰੀ ਦੇ ਵਾਅਦਿਆਂ ਤੇ ਇਰਾਦਿਆਂ ਵਿੱਚ ਫ਼ਰਕ ਸਾਫ਼ ਹੈ। ਪੀਐੱਮ ਨੇ ਮਹਿਲਾਵਾਂ ਨਾਲ ਵਿਸ਼ਵਾਸਘਾਤ ਕੀਤਾ ਹੈ।’’ ਉਧਰ ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਤੇ ਤਿਲੰਗਾਨਾ ਰਾਸ਼ਟਰ ਸਮਿਤੀ ਦੇ ਕਾਰਜਕਾਰੀ ਪ੍ਰਧਾਨ ਕੇ.ਟੀ.ਰਾਮਾਰਾਓ ਨੇ ਭਾਜਪਾ ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਦੋਸ਼ੀਆਂ ਦੀ ਰਿਹਾਈ ਕੇਂਦਰ ਸਰਕਾਰ ਦੀ ਆਪਣੀ ਹੀ ਪਾਲਿਸੀ ਦੇ ਖਿਲਾਫ਼ ਹੈ। ਪਰ ਗੁਜਰਾਤ ਤੇ ਕੇਂਦਰ ਦੀਆਂ ਭਾਜਪਾ ਸਰਕਾਰਾਂ ਨੇ ਇਨ੍ਹਾਂ ਬਲਾਤਕਾਰੀਆਂ, ਕਾਤਲਾਂ ਤੇ ਬੱਚੇ ਦੇ ਕਾਤਲਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।’’ -ਪੀਟੀਆਈ