ਨਵੀਂ ਦਿੱਲੀ, 15 ਜੂਨ
ਭਾਰਤ ਅਤੇ ਆਸੀਆਨ ਦੇਸ਼ਾਂ ਦੇ ਚੋਟੀ ਦੇ ਅਧਿਕਾਰੀਆਂ ਨੇ ਵਿਦੇਸ਼ ਮੰਤਰੀ ਪੱਧਰ ਦੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਅੱਜ ਵਿਆਪਕ ਪੱਧਰ ਦੀ ਗੱਲਬਾਤ ਕੀਤੀ।
ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਦੌਰਾਨ ਵਪਾਰ ਤੇ ਰਣਨੀਤਕ ਸਬੰਧ ਹੋਰ ਮਜ਼ਬੂਤ ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਸਹਿਯੋਗ ਵਧਾਉਣ ’ਤੇ ਚਰਚਾ ਹੋਣ ਦੀ ਆਸ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿੱਚ ਸਾਂਝੇਦਾਰੀ ਦੇ ਤਿੰਨੋਂ ਖੇਤਰਾਂ ਸਿਆਸੀ ਸੁਰੱਖਿਆ, ਆਰਥਿਕ ਤੇ ਸਮਾਜਿਕ-ਸਭਿਆਚਾਰਕ ਸਾਂਝੇਦਾਰੀ ਤਹਿਤ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ।
ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਅਨ ਬਾਲਕ੍ਰਿਸ਼ਨਨ, ਵੀਅਤਨਾਮ ਦੇ ਬੂਈ ਥਾਨ ਸੋਨ ਅਤੇ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਰੈਤਨੋ ਮਾਰਸੂਦੀ ਵੀਰਵਾਰ ਨੂੰ ਹੋਣ ਵਾਲੀ ਭਾਰਤ-ਆਸੀਆਨ ਗੱਲਬਾਤ ਲਈ ਕੌਮੀ ਰਾਜਧਾਨੀ ਪਹੁੰਚ ਚੁੱਕੇ ਹਨ। ਭਾਰਤ 16 ਤੋਂ 17 ਜੂਨ ਤੱਕ ਦੱਖਣੀ ਏਸ਼ਿਆਈ ਦੇਸ਼ਾਂ ਦੀ ਐਸੋਸੀਏਸ਼ਨ (ਆਸੀਆਨ) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਆਸੀਆਨ 10 ਦੇਸ਼ਾਂ ਦਾ ਸਮੂਹ ਹੈ ਜਿਸ ਦੇ ਨਾਲ ਸਬੰਧਾਂ ਦੀ 30ਵੀਂ ਵਰ੍ਹੇਗੰਢ ਮੌਕੇ ਇਹ ਮੀਟਿੰਗ ਹੋ ਰਹੀ ਹੈ। ਸਮੂਹ ਦੇ ਮੈਂਬਰ ਮਿਆਂਮਾਰ ਦੀ ਨੁਮਾਇੰਦਗੀ, ਆਸਿਆਨ ਦੀ ਸਹਿਮਤੀ ਮੁਤਾਬਕ ਇਕ ਸੀਨੀਅਰ ਅਧਿਕਾਰੀ ਵੱਲੋਂ ਕੀਤੀ ਜਾਣੀ ਹੈ। -ਪੀਟੀਆਈ