ਨਵੀਂ ਦਿੱਲੀ: ਭਾਰਤ ਅਤੇ ਚੀਨ ਦੇ ਫ਼ੌਜੀ ਅਧਿਕਾਰੀਆਂ ਨੇ ਦੋਵਾਂ ਮੁਲਕਾਂ ਦਰਮਿਆਨ ਚੱਲ ਰਹੀ ਤਲਖ਼ੀ ਘੱਟ ਕਰਨ ਲਈ ਪੂਰਬੀ ਲੱਦਾਖ ਵਿੱਚ ਗੱਲਬਾਤ ਕੀਤੀ। ਹਾਲਾਂਕਿ ਦੋਵਾਂ ਮੁਲਕਾਂ ਵੱਲੋਂ ਪਿਛਲੇ ਹਫ਼ਤੇ ਦੇ ਘਟਨਾਕ੍ਰਮ ਤੋਂ ਬਾਅਦ ਵਾਧੂ ਫ਼ੌਜੀ ਬਲ ਤਾਇਨਾਤ ਕਰਨ ਤੋਂ ਇਲਾਵਾ ਹਥਿਆਰਾਂ ਦੀ ਗਿਣਤੀ ’ਚ ਵੀ ਵਾਧਾ ਕਰਨ ਕਰਕੇ ਸਥਿਤੀ ਨਾਜ਼ੁਕ ਹੀ ਬਣੀ ਹੋਈ ਹੈ। ਸਰਕਾਰੀ ਸੂਤਰਾਂ ਮੁਤਾਬਕ ਚੁਸ਼ੁਲ ਨੇੜੇ ਲਗਪਗ ਚਾਰ ਘੰਟਿਆਂ ਤੱਕ ਚੱਲੀ ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਦਾ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਿਆ। ਸੂਤਰਾਂ ਨੇ ਦੱਸਿਆ ਕਿ ਭਾਰਤੀ ਫ਼ੌਜ ਉੱਚ ਐਲਰਟ ’ਤੇ ਹੈ ਅਤੇ ਇਲਾਕੇ ’ਚ ਕਿਸੇ ਵੀ ਕਿਸਮ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਖਿੱਤੇ ਵਿੱਚ ਸਮੁੱਚੀ ਸਥਿਤੀ ਕਾਫ਼ੀ ਨਾਜ਼ੁਕ ਹੈ। ਦੱਸਣਯੋਗ ਹੈ ਕਿ 29 ਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਭਾਰਤੀ ਫ਼ੌਜ ਨੇ ਚੀਨੀ ਫ਼ੌਜ ਵੱਲੋਂ ਪੈਂਗੌਗ ਝੀਲ ਇਲਾਕੇ ਦੇ ਦੱਖਣੀ ਕਿਨਾਰੇ ’ਚ ਸਥਿੱਤ ਭਾਰਤੀ ਇਲਾਕਿਆਂ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਫੇਲ੍ਹ ਕਰ ਦਿੱਤਾ ਸੀ। ਇਸ ਘਟਨਕ੍ਰਮ ਤੋਂ ਬਾਅਦ ਭਾਰਤ ਨੇ ਚੁਸ਼ੁਲ ਸੈਕਟਰ ਵਿੱਚ ਕਈ ਥਾਵਾਂ ’ਤੇ ਫ਼ੌਜੀ ਨਫ਼ਰੀ ਵਧਾਈ ਗਈ ਹੈ ਤੇ ਚੀਨੀ ਫ਼ੌਜ ਦੇ ਮਹੱਤਵਪੂਰਨ ਕੈਂਪਾਂ ’ਤੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਹੈ। ਉਸ ਸਮੇਂ ਤੋਂ ਹੀ ਚੀਨ ਨੇ ਵਾਧੂ ਫ਼ੌਜੀ ਬਲ ਤਾਇਨਾਤ ਕਰਨ ਤੋਂ ਇਲਾਵਾ ਇਲਾਕੇ ’ਚ ਟੈਂਕ ਅਤੇ ਐਂਟੀ-ਟੈਂਕ ਮਿਜ਼ਾਈਲਾਂ ਵੀ ਤਾਇਨਾਤ ਕਰ ਦਿੱਤੀਆਂ ਹਨ।
-ਪੀਟੀਆਈ