ਨਵੀਂ ਦਿੱਲੀ: ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਤੇ ਕਿਸਾਨਾਂ ਦਰਮਿਆਨ ਸ਼ੁੱਕਰਵਾਰ ਲਈ ਤਜਵੀਜ਼ਤ 9ਵੇਂ ਗੇੜ ਦੀ ਗੱਲਬਾਤ ਮਿੱਥੇ ਮੁਤਾਬਕ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਮੀਟਿੰਗ ਦੌਰਾਨ ਸਕਾਰਾਤਮਕ ਗੱਲਬਾਤ ਹੋਣ ਲਈ ਆਸਵੰਦ ਹੈ। ਤੋਮਰ ਨੇ ਪੱਤਰਕਾਰਾਂ ਨੂੰ ਕਿਹਾ, ‘ਸਰਕਾਰ ਕਿਸਾਨ ਆਗੂਆਂ ਨਾਲ ਖੁੱਲ੍ਹੇ ਮਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ।’ ਨੌਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਦੇ ਅਮਲ ’ਤੇ ਅਗਲੇ ਹੁਕਮਾਂ ਤੱਕ ਲਾਈ ਰੋਕ ਅਤੇ ਚਾਰ ਮੈਂਬਰੀ ਕਮੇਟੀ ਦੇ ਗਠਨ ਤੇ ਇਕ ਮੈਂਬਰ ਵੱਲੋਂ ਲਾਂਭੇ ਹੋਣ ਕਰਕੇ ਬਣੀ ਦੁਚਿੱਤੀ ਨੂੰ ਦੂਰ ਕਰਦਿਆਂ ਤੋਮਰ ਨੇ ਕਿਹਾ ਕਿ ਸਰਕਾਰ ਤੇ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦਰਮਿਆਨ 15 ਜਨਵਰੀ ਨੂੰ ਦੁਪਹਿਰੇ 12 ਵਜੇ ਲਈ ਤਜਵੀਜ਼ਤ ਮੀਟਿੰਗ ਪਹਿਲਾਂ ਮਿੱਥੇ ਮੁਤਾਬਕ ਹੋਵੇਗੀ।
-ਪੀਟੀਆਈ