ਕੱਲਾਕੁਰਿਚੀ (ਤਾਮਿਲ ਨਾਡੂ), 17 ਜੁਲਾਈ
ਤਾਮਿਲ ਨਾਡੂ ਦੇ ਕੱਲਾਕੁਰਿਚੀ ਨੇੜੇ ਇੱਕ ਵਿਦਿਆਰਥਣ ਦੀ ਮੌਤ ਤੋਂ ਬਾਅਦ ਹਿੰਸਾ ਭੜਕ ਪਈ ਅਤੇ ਗੁੱਸੇ ’ਚ ਆਏ ਲੋਕਾਂ ਨੇ ਕਈ ਵਾਹਨ ਸਾੜ ਦਿੱਤੇ ਤੇ ਪਥਰਾਅ ਵੀ ਕੀਤਾ। ਇਸੇ ਦੌਰਾਨ ਪੁਲੀਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਾਲਾਤ ਕਾਬੂ ਹੇਠ ਕਰਨ ਲਈ ਪੁਲੀਸ ਨੂੰ ਘੱਟੋ-ਘੱਟ ਦੋ ਵਾਰ ਹਵਾਈ ਫਾਇਰ ਕਰਨੇ ਪਏ। ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਪੁਲੀਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਚਿੰਨਾਸਲੇਮ ਸਥਿਤ ਇੱਕ ਸਕੂਲ ’ਚ ਪੁਲੀਸ ਵੱਲੋਂ ਲਾਏ ਅੜਿੱਕੇ ਤੋੜ ਕੇ ਅੰਦਰ ਦਾਖਲ ਹੋ ਗਏ ਤੇ ਉਨ੍ਹਾਂ ਕੈਂਪਸ ਅੰਦਰ ਖੜ੍ਹੀਆਂ ਬੱਸਾਂ ਸਾੜ ਦਿੱਤੀਆਂ। ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੇ ਪੁਲੀਸ ਦੀ ਬੱਸ ਵੀ ਸਾੜ ਦਿੱਤੀ ਅਤੇ ਇੱਕ ਕਾਰ ਦੀ ਭੰਨ ਤੋੜ ਵੀ ਕੀਤੀ। ਉਨ੍ਹਾਂ ਦੱਸਿਆ ਕਿ ਕਈ ਮੁਜ਼ਾਹਰਕਾਰੀਆਂ ਨੇ ਸਕੂਲ ਛੱਤ ’ਤੇ ਪਹੁੰਚ ਕੇ ਸਕੂਲ ਦੇ ਨਾਂ ਵਾਲਾ ਬੋਰਡ ਤੋੜ ਕੇ ਮ੍ਰਿਤਕਾ ਲਈ ਇਨਸਾਫ਼ ਦੀ ਮੰਗ ਵਾਲੇ ਬੈਨਰ ਲਟਕਾ ਦਿੱਤੇ। ਮੁਜ਼ਾਹਰਾਕਾਰੀਆਂ ਨੇ ਸਕੂਲ ਦੇ ਫਰਨੀਚਰ ਦੀ ਭੰਨ-ਤੋੜ ਵੀ ਕੀਤੀ। ਹਾਲਾਤ ਕਾਬੂ ਹੇਠ ਕਰਨ ਲਈ ਗੁਆਂਢੀ ਜ਼ਿਲ੍ਹਿਆਂ ਤੋਂ ਪੁਲੀਸ ਫੋਰਸ ਸੱਦੀ ਗਈ ਹੈ। ਡੀਜੀਪੀ ਸੀ ਸ਼ੈਲੇਂਦਰ ਬਾਬੂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਤੇ ਹਿੰਸਾ ਕਰਨ ਵਾਲਿਆਂ ਨੂੰ ਕਾਰਵਾਈ ਦੀ ਚਿਤਾਵਨੀ ਦਿੱਤੀ। ਜ਼ਿਕਰਯੋਗ ਹੈ ਕਿ ਇੱਥੋਂ 15 ਕਿਲੋਮੀਟਰ ਦੂਰ ਚਿੰਨਾਸਲੇਮ ਦੇ ਇੱਕ ਰਿਹਾਇਸ਼ੀ ਸਕੂਲ ਦੀ 17 ਸਾਲਾ ਵਿਦਿਆਰਥਣ 13 ਜੁਲਾਈ ਨੂੰ ਹੋਸਟਲ ’ਚ ਮ੍ਰਿਤਕ ਮਿਲੀ ਸੀ। ਪੋਸਟਮਾਰਟਮ ਰਿਪੋਰਟ ਅਨੁਸਾਰ ਵਿਦਿਆਰਥਣ ਦੀ ਮੌਤ ਤੋਂ ਪਹਿਲਾਂ ਉਸ ਦੇ ਸਰੀਰ ’ਤੇ ਸੱਟ ਦੇ ਨਿਸ਼ਾਨ ਸਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਦਿਆਰਥਣ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਉਸ ਦੇ ਪਿੰਡ ਪੇਰੀਆਨਾਸਾਲੁਰ ਦੇ ਲੋਕ ਇਨਸਾਫ਼ ਲਈ ਲਗਾਤਾਰ ਰੋਸ ਮੁਜ਼ਾਹਰੇ ਕਰ ਰਹੇ ਹਨ। -ਪੀਟੀਆਈ